60 ਵਰ੍ਹਿਆਂ ਦੀ ਹੋਈ ਬੱਚਿਆਂ ਦੀ ਪਸੰਦੀਦਾ ਬਾਰਬੀ ਡਾਲ
Thursday, Jan 03, 2019 - 10:58 PM (IST)

ਕੋਲਕਾਤਾ–ਸ਼ਾਇਦ ਹੀ ਅਜਿਹੀ ਕੋਈ ਬੱਚੀ ਹੋਵੇਗੀ, ਜਿਸ ਨੂੰ ਬਾਰਬੀ ਡਾਲ ਪਸੰਦ ਨਾ ਹੋਵੇ। ਹਰ ਬੱਚੀ ਦੀ ਪਸੰਦੀਦਾ ਬਾਰਬੀ ਡਾਲ ਹੁਣ ਬਜ਼ੁਰਗ ਹੋ ਗਈ ਹੈ। ਬਾਰਬੀ ਇਸ ਸਾਲ 60 ਸਾਲ ਦੀ ਹੋ ਜਾਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਵੀ ਉਸ ਦੀ ਲੋਕਪ੍ਰਿਯਤਾ ’ਚ ਕੋਈ ਕਮੀ ਨਹੀਂ ਆਈ ਹੈ। ਬਾਰਬੀ ਨੂੰ ਲਾਂਚ ਹੋਏ 6 ਦਹਾਕੇ ਹੋ ਗਏ ਹਨ ਪਰ ਉਸ ਦੀ ਚਮਕ ਫਿੱਕੀ ਨਹੀਂ ਪਈ ਹੈ। ਉਹ ਅੱਜ ਵੀ ਮਜ਼ਬੂਤ, ਆਤਮ-ਵਿਸ਼ਵਾਸ ਨਾਲ ਭਰੀ ਹੋਈ ਅਤੇ ਖੂਬਸੂਰਤ ਨਜ਼ਰ ਆਉਂਦੀ ਹੈ। ਉਸ ਨੂੰ ਦੇਖ ਕੇ ਅੱਜ ਵੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੇ ਚਿਹਰਿਆਂ ’ਤੇ ਮੁਸਕਾਨ ਆ ਜਾਂਦੀ ਹੈ। ਇਸ ਲੋਕਪ੍ਰਿਯ ਗੁੱਡੀ ਦੇ ਰੂਪ ’ਚ ਸਮੇਂ-ਸਮੇਂ ’ਤੇ ਬਦਲਾਅ ਜ਼ਰੂਰ ਹੁੰਦੇ ਰਹੇ ਹਨ ਅਤੇ ਖਿਡੌਣਾ ਉਦਯੋਗ ’ਚ ਮੁਕਾਬਲੇਬਾਜ਼ੀ ਦੇ ਬਾਵਜੂਦ 150 ਤੋਂ ਵੱਧ ਦੇਸ਼ਾਂ ’ਚ ਪ੍ਰਤੀ ਸਾਲ 5 ਕਰੋੜ 80 ਲੱਕ ਬਾਰਬੀ ਦੀ ਵਿਕਰੀ ਹੁੰਦੀ ਹੈ। ਬਾਰਬੀ ਦੇ ਗਲੋਬਲ ਬ੍ਰੈਂਡ ਮਾਰਕੀਟਿੰਗ ਦੇ ਡਾਇਰੈਕਟਰ ਨਥਾਨ ਬਯਨਾਰਡ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਇਕ ਉਦਯੋਗ ਜਿਥੇ ਸਫਲਤਾ ਤਿੰਨ ਤੋਂ ਪੰਜ ਸਾਲ ਤੱਕ ਦੀ ਹੁੰਦੀ ਹੈ। ਅਜਿਹੇ ’ਚ 60 ਸਾਲ ਬਹੁਤ ਅਹਿਮੀਅਤ ਰੱਖਦੇ ਹਨ। ਬਯਨਾਰਡ ਨੇ ਐੱਲ ਸੇਗੁੰਦੋ ਦੇ ਮਟੇਲ ਡਿਜ਼ਾਈਨ ਸਟੂਡੀਓ ਦੇ ਹਾਲ ਹੀ ਦੇ ਦੌਰੇ ’ਚ ਕਿਹਾ ਕਿ ਵਿਸ਼ਵ ਭਰ ’ਚ ਬਾਰਬੀ ਕੋਕਾ-ਕੋਲਾ ਜਾਂ ਮੈਕਡੋਨਾਲਡ ਜਿੰਨੀ ਹੀ ਲੋਕਪ੍ਰਿਯ ਹੈ।
ਨਿਊਯਾਰਕ ’ਚ ਕੀਤਾ ਗਿਆ ਸੀ ਲਾਂਚ : ਬਾਰਬੀ ਨੂੰ 9 ਮਾਰਚ 1959 ਅਮਰੀਕੀ ਕੰਪਨੀ ਮੈਟਲ ਨੇ ਲਾਂਚ ਕੀਤਾ ਸੀ। ਆਪਣੇ 60 ਸਾਲ ਦੇ ਸਫਰ ’ਚ ਬਾਰਬੀ ਕਦੀ ਗੋਰੇ ਰੂਪ ’ਚ ਅਤੇ ਕਦੀ ਕਾਲੇ, ਕਦੀ ਲੰਮੇ ਸੁਨਹਿਰੇ ਵਾਲਾਂ ’ਚ ਨਜ਼ਰ ਆਈ ਤੇ ਕਦੀ ਛੋਟੇ ਵਾਲਾਂ ’ਚ। ਬਾਰਬੀ ਨੂੰ ਬਣਾਉਣ ਅਤੇ ਲਾਂਚ ਕਰਨ ਦੀ ਪ੍ਰੇਰਨਾ ਅਮਰੀਕੀ ਕਾਰੋਬਾਰੀ ਰੂਥ ਹੈਂਡਲਰ ਨੂੰ ਆਪਣੀ ਬੇਟੀ ਅਤੇ ਉਸ ਦੀਆਂ ਸਹੇਲੀਆਂ ਤੋਂ ਮਿਲੀ, ਜੋ ਕਾਰਡ ਬੋਰਡ ਦੀਆਂ ਗੁੱਡੀਆਂ ਨਾਲ ਖੇਡਦੇ ਹੋਏ ਬਹੁਤ ਖੁਸ਼ ਹੁੰਦੀਆਂ ਸਨ। 9 ਮਾਰਚ 1959 ਨੂੰ ਨਿਊਯਾਰਕ ’ਚ ਪਹਿਲੀ ਵਾਰ ਅਮਰੀਕੀ ਖਿਡੌਣਾ ਮੇਲੇ ’ਚ ਬਾਰਬੀ ਆਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਕ ਅਰਬ ਤੋਂ ਵੱਧ ਬਾਰਬੀ ਡਾਲ ਦੀ ਵਿਕਰੀ ਹੋ ਚੁੱਕੀ ਹੈ। ਸੱਚ ਕਿਹਾ ਜਾਵੇ ਤਾਂ ਜਿਸ ਰੂਪ ’ਚ ਵੀ ਹੋਵੇ, ਬਹੁਤ ਹੀ ਖੂਬਸੂਰਤ ਲੱਗਦੀ ਹੈ।