ਕੋਰੋਨਾ ਸੰਕਟ ਦਾ ਹਰਿਆਣਾ ''ਚ ਵਿਆਹ ਸ਼ਾਦੀਆਂ ''ਤੇ ਭਾਰੀ ਮਾਰ, ਕਰੋੜਾਂ ਰੁਪਏ ਦੇ ਕਾਰੋਬਾਰ ਠੱਪ

05/13/2020 2:21:03 PM

ਰੋਹਤਕ-ਗਲੋਬਲੀ ਮਹਾਮਾਰੀ ਕੋਰੋਨਾਵਾਇਰਸ ਦਾ ਕਹਿਰ ਦੇਸ਼ ਭਰ 'ਚ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ 22 ਮਾਰਚ ਨੂੰ ਜਨਤਾ ਕਰਫਿਊ ਲੱਗਣ ਤੋਂ ਬਾਅਦ ਦੇਸ਼-ਵਿਆਪੀ ਲਾਕਡਾਊਨ ਲਾਗੂ ਕਰ ਦਿੱਤਾ ਗਿਆ। ਇਸ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ 'ਤੇ ਪਿਆ ਹੈ ਜੋ ਰੋਜ਼ਾਨਾ ਮਜ਼ਦੂਰੀ ਕਰਦੇ ਸੀ। ਇਸ ਵਾਇਰਸ ਨੇ ਦੇਸ਼ ਭਰ 'ਚ ਜਾਨੀ ਨੁਕਸਾਨ ਦੇ ਨਾਲ-ਨਾਲ ਆਰਥਿਕ ਖੇਤਰ 'ਚ ਵੀ ਭਾਰੀ ਤਬਾਹੀ ਮਚਾ ਦਿੱਤੀ ਹੈ। ਦੇਖਿਆ ਜਾਵੇ ਤਾਂ ਇਸ ਮਹਾਮਾਰੀ ਦੇ ਸੰਕਟ ਦਾ ਅਸਰ ਵਿਆਹ-ਸ਼ਾਦੀਆਂ 'ਤੇ ਵੀ ਪਿਆ ਹੈ, ਜਿਸ ਕਾਰਨ ਕਰੋੜਾਂ ਰੁਪਏ ਦੇ ਕਾਰੋਬਾਰਾਂ ਠੱਪ ਹੋ ਗਏ ਹਨ। ਵਿਆਹ-ਸ਼ਾਦੀਆਂ ਸਬੰਧੀ ਮਾਮਲਾ ਹਰਿਆਣਾ ਸੂਬੇ 'ਚੇ ਦੇਖਿਆ ਗਿਆ ਹੈ, ਜਿੱਥੇ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਹੋਣ ਵਾਲੇ ਲਗਭਗ 60,000 ਵਿਆਹ ਰੱਦ ਕੀਤੇ ਗਏ ਹਨ। 

ਦੱਸਣਯੋਗ ਹੈ ਕਿ ਇਹ ਵਿਆਹ ਰੱਦ ਹੋਣ ਕਾਰਨ ਪੰਡਿਤ, ਬਿਊਟੀ ਪਾਰਲਰ, ਹੇਅਰ ਸੈਲੂਨ, ਲਾਈਟ ਡੈਕੋਰੇਸ਼ਨ, ਡੀ.ਜੇ, ਟੈਂਟ, ਮੈਰਿਜ ਪੈਲੇਸ, ਸੁਨਾਰੇ, ਕੈਟਰਿੰਗ, ਫੋਟੋਗ੍ਰਾਫਰ, ਹਲਵਾਈ ਸਮੇਤ ਛੋਟੇ-ਮੋਟੇ ਰੋਜ਼ਗਾਰਾਂ 'ਤੇ ਕਾਫੀ ਅਸਰ ਪਿਆ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਔਸਤਨ ਇਕ ਵਿਆਹ 'ਚ 50-100 ਲੋਕਾਂ ਨੂੰ ਕੰਮ ਮਿਲਦਾ ਸੀ ਪਰ ਵਿਆਹ ਰੱਦ ਹੋਣ ਕਾਰਨ ਹਜ਼ਾਰਾਂ ਲੋਕ ਰੋਜ਼ਗਾਰ ਤੋਂ ਵਾਂਝੇ ਹੋਏ ਹਨ ਅਤੇ ਕਰੋੜਾਂ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਏ ਹਨ।

ਹਰਿਆਣਾ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਸਕੱਤਰ ਦਿਲਬਾਗ ਸੈਨੀ ਨੇ ਦੱਸਿਆ ਹੈ, ਇਹ 3 ਮਹੀਨਿਆਂ ਦੌਰਾਨ ਵਿਆਹ ਸੀਜ਼ਨ ਟਾਪ 'ਤੇ ਹੁੰਦਾ ਹੈ ਪਰ ਲਗਭਗ 60,000 ਵਿਆਹ ਰੱਦ ਹੋਣ ਕਾਰਨ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 25 ਮਾਰਚ ਨੂੰ ਲਾਕਡਾਊਨ ਲਾਗੂ ਹੋਣ ਕਾਰਨ ਮੈਰਿਜ ਪੈਲੇਸ ਅਤੇ ਹੋਟਲਾਂ 'ਚ ਸੈਕੜੇ ਬੁਕਿੰਗ ਰੱਦ ਕੀਤੀ ਗਈਆਂ। ਸ਼ੁਰੂਆਤ 'ਚ ਮਾਰਚ ਮਹੀਨੇ ਦੇ ਅਖੀਰਲੇ ਪੱਖ ਅਤੇ ਅਪ੍ਰੈਲ ਦੇ ਲਈ ਨਿਰਧਾਰਿਤ ਹੋਣ ਵਾਲੇ ਵਿਆਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਮਈ ਦੇ ਸਾਰੇ ਵਿਆਹ ਵੀ ਰੱਦ ਕਰ ਦਿੱਤੇ ਗਏ ਹਨ।

ਇਕ ਸਥਾਨਿਕ ਨੌਜਵਾਨ ਦੀਪਕ ਨੇ ਦੱਸਿਆ ਹੈ ਕਿ ਉਸ ਦਾ ਵਿਆਹ 25 ਅਪ੍ਰੈਲ ਨੂੰ ਤੈਅ ਹੋਇਆ ਸੀ ਪਰ ਇਸ ਲਾਕਡਾਊਨ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਰੱਦ ਕਰਨਾ ਪਿਆ, ਕਿਉਂਕਿ ਵਿਆਹ 'ਚ 50 ਤੋਂ ਵੱਧ ਲੋਕ ਨਹੀਂ ਪਹੁੰਚ ਸਕਦੇ ਹਨ। 

ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਰਾਓ ਨੇ ਦੱਸਿਆ ਹੈ ਕਿ ਲਾਡਾਊਨ ਨੇ ਕਈ ਪਰਿਵਾਰਾਂ ਨੂੰ ਕੰਗਾਲ ਕਰ ਦਿੱਤਾ ਹੈ, ਕਿਉਂਕਿ ਵਿਆਹ ਸੀਜ਼ਨ ਦੌਰਾਨ ਸੂਬੇ ਦੇ ਲੱਖਾਂ ਪਰਿਵਾਰਾਂ ਨੂੰ ਰੋਜ਼ਗਾਰ ਮਿਲਦਾ ਸੀ ਪਰ ਲਾਕਡਾਊਨ ਨੇ ਇਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਨੂੰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਕਿਉਂਕਿ ਇਸ ਸਾਲ ਨਵੰਬਰ ਤੱਕ ਵਿਆਹ ਦੇ ਬਹੁਤ ਘੱਟ ਮਹੂਰਤ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ, ਫਿਰ ਇਸ ਤੋਂ ਬਾਅਦ 21 ਦਿਨਾਂ ਦਾ ਲਾਕਡਾਊਨ ਦਾ ਦੇਸ਼ ਵਿਆਪੀ ਐਲਾਨ ਕਰ ਦਿੱਤਾ ਜੋ ਕਿ 14 ਅਪ੍ਰੈਲ ਤੱਕ ਸੀ ਜਿਸਨੂੰ ਵਧਾ ਕੇ 3 ਮਈ ਤੱਕ ਕਰ ਕੀਤਾ। ਇਸ ਤੋਂ ਬਾਅਦ ਵਧਾ ਕੇ 17 ਮਈ ਤੱਕ ਤੀਜਾ ਲਾਕਡਾਊਨ ਦਾ ਐਲਾਨ ਕੀਤਾ ਸੀ। ਹੁਣ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਵੇਂ ਨਿਯਮਾਂ ਨਾਲ ਚੌਥਾ ਲਾਕਡਾਊਨ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।


Iqbalkaur

Content Editor

Related News