ਪਾਬੰਦੀ ਦੇ ਬਾਵਜੂਦ ਜੇਲ ’ਚੋਂ ਮਿਲੀ ਸ਼ਰਾਬ ਤੇ ਮੋਬਾਈਲ ਫ਼ੋਨ, 6 ਕੈਦੀ ਨਸ਼ੇ ’ਚ ਪਾਏ ਗਏ
Sunday, Jul 21, 2024 - 11:04 PM (IST)
ਕੱਛ, (ਭਾਸ਼ਾ)- ਗੁਜਰਾਤ ਦੀ ਇਕ ਜੇਲ ’ਚ ਪੁਲਸ ਵੱਲੋਂ ਅਚਾਨਕ ਕੀਤੀ ਗਈ ਛਾਪੇਮਾਰੀ ਦੌਰਾਨ ਸ਼ਰਾਬ, ਮੋਬਾਈਲ ਫ਼ੋਨ ਅਤੇ ਨਕਦੀ ਸਮੇਤ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਕੀਤੀਆਂ ਗਈਆਂ, ਜਦਕਿ 6 ਕੈਦੀ ਨਸ਼ੇ ’ਚ ਪਾਏ ਗਏ। ਇਸ ਤੋਂ ਬਾਅਦ ਜੇਲਰ ਅਤੇ ਚਾਰ ਹੋਰ ਜੇਲ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਗਾਂਧੀਧਾਮ ਦੀ ਗਲਪਾਦਰ ਜ਼ਿਲਾ ਜੇਲ ’ਚ ਛਾਪੇਮਾਰੀ ਤੋਂ ਬਾਅਦ ਕਤਲ ਦੇ ਮਾਮਲਿਆਂ ’ਚ ਗ੍ਰਿਫਤਾਰ ਕੁਝ ਖਤਰਨਾਕ ਅਪਰਾਧੀਆਂ ਸਮੇਤ 9 ਕੈਦੀਆਂ ’ਤੇ ਨਸ਼ਾ ਮਨਾਹੀ ਐਕਟ ਅਤੇ ਪ੍ਰਿਜ਼ਨਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਜ਼ਿਲਾ ਪੁਲਸ ਦੀਆਂ ਟੀਮਾਂ ਨੇ ਸ਼ਰਾਬ ਨਾਲ ਭਰੀ ਇਕ ਬੋਤਲ, ਚਾਰ ਮੋਬਾਈਲ ਫ਼ੋਨ ਅਤੇ 50,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕੱਛ (ਪੂਰਬੀ) ਦੇ ਪੁਲਸ ਸੁਪਰਡੈਂਟ ਸਾਗਰ ਵਾਘਮਾਰੇ ਨੇ ਕਿਹਾ, ‘‘ਰਾਤ ਨੂੰ ਅਚਾਨਕ ਕੀਤੀ ਗਈ ਛਾਪੇਮਾਰੀ ’ਚ ਕੁਝ ਖ਼ਤਰਨਾਕ ਅਪਰਾਧੀਆਂ ਸਮੇਤ ਕੈਦੀਆਂ ਕੋਲੋਂ ਮੋਬਾਈਲ ਫੋਨ, ਸ਼ਰਾਬ ਅਤੇ ਨਕਦੀ ਵਰਗੀਆਂ ਪਾਬੰਦੀਸ਼ੁਦਾ ਵਸਤਾਂ ਬਰਾਮਦ ਕੀਤੀਆਂ ਗਈਆਂ। ਕੁਝ ਕੈਦੀ ਨਸ਼ੇ ’ਚ ਪਾਏ ਗਏ।’’