ਕੁੰਭ ਨਾਲ 6 ਲੱਖ ਲੋਕਾਂ ਨੂੰ ਮਿਲੇਗਾ ਰੋਜ਼ਗਾਰ

01/21/2019 3:41:57 PM

ਨਵੀਂ ਦਿੱਲੀ - 15 ਜਨਵਰੀ ਨੂੰ ਸ਼ੁਰੂ ਹੋਏ ਅਤੇ 4 ਮਾਰਚ ਤੱਕ ਚੱਲਣ ਵਾਲੇ ਕੁੰਭ ਮੇਲੇ ’ਤੇ ਭਾਰੀ ਖਰਚ ਸਬੰਧੀ ਕਾਫੀ ਚਰਚਾ ਹੋ ਰਹੀ ਹੈ। ਇਸ  ਦੌਰਾਨ ਇੰਡਸਟਰੀ ਬਾਡੀ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਨੇ ਕਿਹਾ ਹੈ ਕਿ ਇਸ ਆਯੋਜਨ ਨਾਲ ਸਰਕਾਰੀ ਖਜ਼ਾਨੇ ’ਚ 1.2 ਲੱਖ ਕਰੋਡ਼ ਰੁਪਏ  ਆਉਣਗੇ। ਸੀ. ਆਈ. ਆਈ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁੰਭ ਇਕ ਰੂਹਾਨੀ ਅਤੇ ਧਾਰਮਿਕ ਆਯੋਜਨ ਹੈ ਪਰ ਇਸ ਨਾਲ ਜੁਡ਼ੀਅਾਂ ਅਾਰਥਿਕ ਗਤੀਵਿਧੀਆਂ ਨਾਲ 6 ਲੱਖ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ।
ਉੱਤਰ ਪ੍ਰਦੇਸ਼ ਸਰਕਾਰ ਨੇ 50 ਦਿਨਾਂ ਦੇ ਕੁੰਭ ਮੇਲੇ ਲਈ 4,200 ਕਰੋਡ਼ ਰੁਪਏ ਦੀ ਅਲਾਟਮੈਂਟ ਕੀਤੀ ਹੈ, ਜੋ 2013 ਮਹਾਕੁੰਭ ਮੇਲੇ ਦੇ ਮੁਕਾਬਲੇ 3 ਗੁਣਾ ਜ਼ਿਆਦਾ ਹੈ। ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਕੁੰਭ ਹੈ।

ਕਿਸ ਸੈਕਟਰ ’ਚ ਕਿੰਨੀਅਾਂ ਨੌਕਰੀਆਂ

ਸੀ. ਆਈ. ਆਈ. ਦੀ ਸਟੱਡੀ ਮੁਤਾਬਕ ਹਾਸਪੀਟੈਲਿਟੀ ਸੈਕਟਰ ’ਚ 2.5 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤਾਂ ਏਅਰਲਾਈਨਜ਼ ਅਤੇ ਏਅਰਪੋਰਟਸ ’ਤੇ ਕਰੀਬ 1.5 ਲੱਖ ਲੋਕਾਂ ਲਈ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਟੂਰ ਆਪ੍ਰੇਟਰਸ 45,000 ਲੋਕਾਂ ਨੂੰ ਕੰਮ ’ਤੇ ਰੱਖਣਗੇ। ਈਕੋ ਟੂਰਿਜ਼ਮ ਤੇ ਮੈਡੀਕਲ ਟੂਰਿਜ਼ਮ ’ਚ 85,000 ਨੂੰ ਰੋਜ਼ਗਾਰ ਮਿਲੇਗਾ। ਟੂਰ ਗਾਈਡਜ਼, ਟੈਕਸੀ ਡਰਾਈਵਰਜ਼, ਉੱਦਮੀ ਸਮੇਤ ਅਸੰਗਠਿਤ ਖੇਤਰ ’ਚ 50,000 ਨਵੀਅਾਂ ਨੌਕਰੀਆਂ ਪੈਦਾ ਹੋਣਗੀਆਂ। ਇਸ ਨਾਲ ਸਰਕਾਰੀ ਏਜੰਸੀਆਂ ਅਤੇ ਵਪਾਰੀਆਂ ਦੀ ਕਮਾਈ ਵਧੇਗੀ।

ਗੁਆਂਢੀ ਸੂਬਿਅਾਂ ਨੂੰ ਵੀ ਫਾਇਦਾ

ਮੇਲੇ ਨਾਲ ਉੱਤਰ ਪ੍ਰਦੇਸ਼ ਨੂੰ 1.2 ਲੱਖ ਕਰੋਡ਼ ਰੁਪਏ ਦਾ ਮਾਲੀਅਾ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਅਾਂ ਜਿਵੇਂ ਰਾਜਸਥਾਨ, ਉੱਤਰਾਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਲੀਏ ’ਚ ਵੀ ਵਾਧਾ ਸੰਭਵ ਹੈ ਕਿਉਂਕਿ ਵੱਡੀ ਗਿਣਤੀ ’ਚ ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇਨ੍ਹਾਂ ਸੂਬਿਅਾਂ ’ਚ ਵੀ ਘੁੰਮਣ ਜਾ ਸਕਦੇ ਹਨ।

ਦੁੱਗਣਾ ਹੈ ਫੈਲਾਅ

ਸੂਬੇ ਦੇ ਵਿੱਤ ਮੰਤਰੀ ਰਾਜੇਸ਼ ਅਗਰਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਇਲਾਹਾਬਾਦ ’ਚ ਕੁੰਭ ਲਈ 4,200 ਕਰੋਡ਼ ਰੁਪਏ ਦੀ ਰਾਸ਼ੀ ਦਿੱਤੀ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਤੀਰਥ ਆਯੋਜਨ ਬਣ ਗਿਆ ਹੈ। ਪਿਛਲੀ ਸਰਕਾਰ ਨੇ 2013 ’ਚ ਮਹਾਕੁੰਭ ਮੇਲੇ ’ਤੇ ਕਰੀਬ 1,300 ਕਰੋਡ਼ ਰੁਪਏ ਦੀ ਰਾਸ਼ੀ ਖਰਚ ਕੀਤੀ ਸੀ। ਕੁੰਭ ਮੇਲੇ ਦਾ ਕੰਪਲੈਕਸ ਵੀ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਕਰੀਬ ਦੁੱਗਣੇ ਵਾਧੇ ਨਾਲ 3,200 ਹੈਕਟੇਅਰ ਹੈ। 2013 ’ਚ ਇਸ ਦਾ ਫੈਲਾਅ 1,600 ਹੈਕਟੇਅਰ ਤੱਕ ਸੀ।


Related News