1 ਕਰੋੜ ਦੀ ਫਿਰੌਤੀ ਲਈ 5ਵੀਂ ਦੇ ਵਿਦਿਆਰਥੀ ਦਾ ਕਤਲ
Monday, Jul 27, 2020 - 09:28 PM (IST)
ਗੋਰਖਪੁਰ - ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਪੰਜਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਅਗਵਾ ਕਰ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨੂੰ ਅਗਵਾਕਾਰਾਂ ਦੇ ਚੰਗੁਲ ਤੋਂ ਆਜ਼ਾਦ ਕਰਵਾਉਣ ਦਾ ਆਪਰੇਸ਼ਨ ਚਲਾ ਰਹੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ। ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗੋਰਖਪੁਰ ਦੇ ਇੱਕ ਪਾਨ ਵਿਕਰੇਤਾ ਦੇ ਬੇਟੇ ਨੂੰ 26 ਜੁਲਾਈ ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾਕਾਰਾਂ ਨੇ ਪਾਨ ਵਿਕਰੇਤਾ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਦੀ ਸ਼ਹਿਰ 'ਚ ਅਗਵਾ ਦੀ ਘਟਨਾ ਸਾਹਮਣੇ ਆਉਣ 'ਤੇ ਹਰਕਤ 'ਚ ਆਈ ਪੁਲਸ ਨੇ ਬੱਚੇ ਦੀ ਬਰਾਮਦਗੀ ਲਈ ਕਈ ਟੀਮਾਂ ਗਠਿਤ ਕਰ ਦਿੱਤੀਆਂ। ਬੱਚੇ ਨੂੰ ਅਗਵਾਕਾਰਾਂ ਦੇ ਚੰਗੁਲ ਤੋਂ ਆਜ਼ਾਦ ਕਰਵਾਉਣ ਲਈ ਐੱਸ.ਟੀ.ਐੱਫ. ਨੂੰ ਵੀ ਐਕਟਿਵ ਕਰ ਦਿੱਤਾ ਗਿਆ। ਪੁਲਸ ਟੀਮ ਅਤੇ ਐੱਸ.ਟੀ.ਐੱਫ. ਛਾਪੇਮਾਰੀ ਕਰਦੀ ਰਹੀ ਅਤੇ ਅਗਵਾਕਾਰਾਂ ਨੇ ਬੱਚੇ ਦੀ ਹੱਤਿਆ ਕਰ ਦਿੱਤੀ।
ਐੱਸ.ਟੀ.ਐੱਫ. ਨੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ। ਪੁਲਸ ਮੁਤਾਬਕ ਐਤਵਾਰ ਸ਼ਾਮ 5 ਵਜੇ ਦੇ ਕਰੀਬ ਬੱਚੇ ਦੀ ਹੱਤਿਆ ਕਰ ਦਿੱਤੇ ਜਾਣ ਦਾ ਖਦਸ਼ਾ ਹੈ। ਇਸ ਘਟਨਾ ਨੂੰ ਲੈ ਕੇ ਵਿਰੋਧੀ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ 'ਤੇ ਹਮਲਾ ਬੋਲਿਆ ਹੈ। ਪ੍ਰਿਅੰਕਾ ਨੇ ਟਵੀਟ ਕਰ ਸਵਾਲ ਕੀਤਾ ਹੈ ਕਿ ਕੀ ਯੂ.ਪੀ. ਦੇ ਮੁਖੀ ਨੇ ਖਬਰਾਂ ਦੇਖਣਾ ਛੱਡ ਦਿੱਤਾ ਹੈ? ਕੀ ਗ੍ਰਹਿ ਵਿਭਾਗ 'ਚ ਬੈਠੇ ਲੋਕਾਂ ਦੇ ਸਾਹਮਣੇ ਇਹ ਖਬਰਾਂ ਨਹੀਂ ਜਾਂਦੀ?