ਬਜਟ 2022: 5G ਸਪੈਕਟ੍ਰਮ ਦੀ ਜਲਦ ਹੋਵੇਗੀ ਨਿਲਾਮੀ, ਲਾਂਚਿੰਗ ਲਈ ਕਰਨਾ ਪੈ ਸਕਦੈ 2023 ਤੱਕ ਇੰਤਜ਼ਾਰ
Tuesday, Feb 01, 2022 - 01:11 PM (IST)
 
            
            ਨਵੀਂ ਦਿੱਲੀ– ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2022 ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਜਲਦ ਹੀ ਈ-ਪਾਸਪੋਰਟ ਜਾਰੀ ਕੀਤੇ ਜਾਣਗੇ ਜੋ ਕਿ ਮਾਈਕ੍ਰੋ-ਚਿੱਪ ਨਾਲ ਲੈਸ ਹੋਣਗੇ। ਉਨ੍ਹਾਂ ਕਿਹਾ ਕਿ ਨਿੱਜੀ ਦੂਰਸੰਚਾਰ ਪ੍ਰੋਵਾਈਡਰਾਂ ਲਈ 2022-23 ਵਿਚਕਾਰ 5ਜੀ ਮੋਬਾਇਲ ਸੇਵਾਵਾਂ ਦੇ ਸ਼ੁਰੂ ਕਰਨ ਲਈ ਜ਼ਰੂਰੀ ਸਪੈਕਟ੍ਰਮ ਦੀ ਨਿਲਾਮੀ ਹੋਵੇਗੀ, ਹਾਲਾਂਕਿ, 5ਜੀ ਇਸਤੇਮਾਲ ਲਈ ਲੋਕਾਂ ਨੂੰ ਅਗਲੇ ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਹੈਕਿ ਸਪੈਕਟ੍ਰਮ ਦੀ ਨਿਲਾਮੀ ਇਸ ਸਾਲ ਹੋਵੇਗੀ। ਦੱਸ ਦੇਈਏ ਕਿ ਮਈ 2022 ਤਕ ਟੈਲੀਕਾਮ ਕੰਪਨੀਆਂ ਨੂੰ ਟ੍ਰਾਇਲ ਦੀ ਮਨਜ਼ੂਰੀ ਮਿਲੀ ਹੈ।
ਪੇਂਡੂ ਇਲਾਕਿਆਂ ’ਚ ਸਸਤੇ ਬ੍ਰਾਡਬੈਂਡ ਅਤੇ ਮੋਬਾਇਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੰਤਜ਼ਾਮ ਕੀਤੇ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ 2022-23 ’ਚ ਡਿਜੀਟਲ ਰੁਪਏ ਜਾਰੀ ਕਰੇਗਾ। ਇਸ ਲਈ ਬਲਾਕਚੇਨ ਅਤੇ ਹੋਰ ਤਕਨਾਲੋਜੀ ਦੀ ਮਦਦ ਲਈ ਜਾਵੇਗੀ। ਭਾਰਤ ਦੀ ਪਹਿਲੀ ਡਿਜੀਟਲ ਕਰੰਸੀ ਦਾ ਨਾਮ ਆਰ.ਬੀ.ਆਈ. ਡਿਜੀਟਲ ਰੁਪੀ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਜਲਦੀ ਹੀ 5ਜੀ ਲਈ ਡਿਜ਼ਾਇਨ ਆਧਾਰਿਤ ਨਿਰਮਾਣ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕਰੀਨ (PLI) ਦਾ ਐਲਾਨ ਕਰੇਗੀ। 5ਜੀ ਤਕਨੀਕ ਨਾਲ ਨੌਕਰੀ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਸਸਤੀਆਂ ਬ੍ਰਾਡਬੈਂਡ ਅਤੇ ਮੋਬਾਇਲ ਸੇਵਾਵਾਂ ਲਈ ਸਾਲਾਨਾ ਯੂਨੀਵਰਸਲ ਜ਼ਿੰਮੇਵਾਰੀ ਸੇਵਾ ਫੰਡ (ਯੂ.ਐੱਸ.ਓ.) ਦਾ 5 ਫੀਸਦੀ ਆਰ ਐਂਡ ਡੀ ਪ੍ਰਦਾਨ ਕੀਤਾ ਜਾਵੇਗਾ। ਨਿੱਜੀ ਟੈਲੀਕਾਮ ਕੰਪਨੀਆਂ ਆਪਣੇ ਐਡਜਸਟਡ ਕੁੱਲ ਮਾਲੀਏ ਦਾ 5% ਸਰਕਾਰ ਨੂੰ ਅਦਾ ਕਰਦੀਆਂ ਹਨ। ਇਸ ਰਾਸ਼ੀ ਦਾ ਇਸਤੇਮਾਲ ਪੇਂਡੂ ਖੇਤਰਾਂ ’ਚ ਸੰਚਾਰ ਸੁਵਿਧਾਵਾਂ ਪ੍ਰਧਾਨ ਕਰਨ ਲਈ ਕੀਤਾ ਜਾਵੇਗਾ।
ਦੇਸ਼ ਦੀਆਂ ਸਾਰੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ 5ਜੀ ਦਾ ਟ੍ਰਾਇਲ ਵੱਖ-ਵੱਖ ਸ਼ਹਿਰਾਂ ’ਚ ਕਰ ਰਹੀਆਂ ਹਨ। ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤਿੰਨੋਂ ਕੰਪਨੀਆਂ ਮੁੰਬਈ, ਪੁਣੇ, ਗੁਜਰਾਤ, ਦਿੱਲੀ ਅਤੇ ਗੁਰੂਗ੍ਰਾਮ ਵਰਗੇ ਸ਼ਹਿਰਾਂ ’ਚ ਆਪਣੇ 5ਜੀ ਨੈੱਟਵਰਕ ਦਾ ਟ੍ਰਾਇਲ ਕਰ ਰਹੀਆਂ ਹਨ। ਰਿਲਾਇੰਸ ਜੀਓ ਨੇ ਹਾਲ ਹੀ ’ਚ ਕਿਹਾ ਹੈ ਕਿ ਉਹ ਜਲਦ ਹੀ ਇਕ ਹਜ਼ਾਰ ਸ਼ਹਿਰਾਂ ’ਚ 5ਜੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            