ਮਣੀਪੁਰ ਹਿੰਸਾ 'ਚ 54 ਲੋਕਾਂ ਦੀ ਗਈ ਜਾਨ, ਵੱਡੀ ਗਿਣਤੀ 'ਚ ਸੁਰੱਖਿਆ ਫ਼ੋਰਸ ਤਾਇਨਾਤ
Saturday, May 06, 2023 - 04:20 PM (IST)
ਇੰਫਾਲ (ਭਾਸ਼ਾ)- ਮਣੀਪੁਰ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 54 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਫਾਲ ਘਾਟੀ 'ਚ ਸ਼ਨੀਵਾਰ ਨੂੰ ਜਨਜੀਵਨ ਆਮ ਨਜ਼ਰ ਆਇਆ ਅਤੇ ਜ਼ਿਆਦਾਤਰ ਦੁਕਾਨਾਂ ਅਤੇ ਬਾਜ਼ਾਰ ਫਿਰ ਤੋਂ ਖੁੱਲ੍ਹੇ, ਸੜਕਾਂ 'ਤੇ ਵਾਹਨ ਵੀ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਪ੍ਰਮੁੱਖ ਖੇਤਰਾਂ ਅਤੇ ਸੜਕਾਂ 'ਤੇ ਫ਼ੌਜ ਦੀਆਂ ਐਡੀਸ਼ਨਲ ਟੁਕੜੀਆਂ, ਤੁਰੰਤ ਕਾਰਜ ਫ਼ੋਰਸ (ਆਰ.ਏ.ਐੱਫ.) ਅਤੇ ਕੇਂਦਰੀ ਪੁਲਸ ਫ਼ੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇੰਫਾਲ ਸ਼ਹਿਰ ਅਤੇ ਹੋਰ ਥਾਵਾਂ 'ਤੇ ਸਵੇਰੇ ਜ਼ਿਆਦਾਤਰ ਦੁਕਾਨਾਂ ਅਤੇ ਬਜ਼ਾਰ ਖੁੱਲ੍ਹੇ, ਲੋਕਾਂ ਨੇ ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤੂਆਂ ਖਰੀਦੀਆਂ। ਹਾਲਾਂਕਿ, ਇਸ ਦੌਰਾਨ ਵੱਡੀ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ ਰਹੇ। ਅਧਿਕਾਰੀਆਂ ਨੇ ਦੱਸਿਆ ਕਿ 54 ਮ੍ਰਿਤਕਾਂ 'ਚੋਂ 16 ਲਾਸ਼ਾਂ ਚੁਰਾਚਾਂਦਪੁਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ 'ਚ ਰੱਖੀਆਂ ਗਈਆਂ ਹਨ, ਜੋ ਕਿ 15 ਲਾਸ਼ਾਂ ਇੰਫਾਲ ਪੂਰਬੀ ਜ਼ਿਲ੍ਹੇ 'ਚ ਜਵਾਹਰਲਾਲ ਨਹਿਰੂ ਆਯੂਰਵਿਗਿਆਨ ਸੰਸਥਾ 'ਚ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਮਫੇਲ 'ਚ ਖੇਤਰੀ ਮੈਡੀਕਲ ਵਿਗਿਆਨ ਸੰਸਥਾ ਨੇ 23 ਲੋਕਾਂ ਦੇ ਮਰਨ ਦੀ ਸੂਚਨਾ ਦਿੱਤੀ ਹੈ। ਮਣੀਪੁਰ 'ਚ ਬਹੁ ਗਿਣਤੀ ਮੇਇਤੀ ਭਾਈਚਾਰੇ ਵਲੋਂ ਉਸ ਨੂੰ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦਿੱਤੇ ਜਾਣ ਦੀ ਮੰਗ ਦੇ ਵਿਰੋਧ 'ਚ 'ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ' (ਏ.ਟੀ.ਐੱਸ.ਯੂ.ਐੱਮ.) ਵਲੋਂ ਬੁੱਧਵਾਰ ਨੂੰ ਆਯੋਜਿਤ 'ਆਦਿਵਾਸੀ ਇਕਜੁਟਤਾ ਮਾਰਚ' ਦੌਰਾਨ ਚੁਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਗ ਖੇਤਰ 'ਚ ਹਿੰਸਾ ਭੜਕ ਗਈ ਸੀ।