ਸਟਾਰਟਅੱਪ ਲਈ ਹੋ ਜਾਓ ਤਿਆਰ, ਟੈਕਸ ''ਚ ਅਗਲੇ 5 ਸਾਲ ਤੱਕ ਛੋਟ
Monday, Feb 03, 2025 - 02:16 PM (IST)
ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਟਾਰਟਅੱਪਸ ਲਈ ਰਜਿਸਟ੍ਰੇਸ਼ਨ ਦੀ ਸਮਾਂ ਸੀਮਾ 5 ਸਾਲ ਵਧਾ ਕੇ 1 ਅਪ੍ਰੈਲ, 2030 ਕਰ ਦਿੱਤੀ ਹੈ, ਜਿਸ ਨਾਲ ਸਟਾਰਟਅੱਪ ਈਕੋਸਿਸਟਮ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਵਿਸਥਾਰ ਕਾਰਨ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰੋਤਸਾਹਨ ਲਈ ਵਿਭਾਗ (DPIIT) ਵਲੋਂ ਮਾਨਤਾ ਪ੍ਰਾਪਤ ਸਟਾਰਟਅੱਪ ਇਨਕਮ ਟੈਕਸ ਐਕਟ, 1961 ਦੀ ਧਾਰਾ 80-IAC ਤਹਿਤ ਟੈਕਸ ਛੋਟ ਦਾ ਲਾਭ ਲੈ ਸਕਣਗੇ।
ਕੀ ਕਿਹਾ ਵਿੱਤ ਮੰਤਰੀ ਨੇ?
ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਸੀ ਕਿ ਅਸੀਂ ਭਾਰਤੀ ਸਟਾਰਟਅੱਪ ਈਕੋਸਿਸਟਮ ਦਾ ਲਗਾਤਾਰ ਸਮਰਥਨ ਕਰ ਰਹੇ ਹਾਂ। ਮੈਂ ਸਟਾਰਟਅੱਪਸ ਲਈ ਟੈਕਸ ਲਾਭ ਲੈਣ ਦੀ ਸਮਾਂ ਸੀਮਾ ਨੂੰ 5 ਸਾਲਾਂ ਤੱਕ ਵਧਾਉਣ ਦਾ ਪ੍ਰਸਤਾਵ ਰੱਖਦੀ ਹਾਂ, ਤਾਂ ਜੋ ਉਹ 1 ਅਪ੍ਰੈਲ, 2030 ਤੱਕ ਰਜਿਸਟਰ ਕਰ ਸਕਣ ਅਤੇ ਇਸ ਲਾਭ ਲੈ ਸਕਣ। DPIIT ਦੇ ਸੰਯੁਕਤ ਸਕੱਤਰ ਸੰਜੀਵ ਸਿੰਘ ਨੇ ਇਸ ਘੋਸ਼ਣਾ ਨੂੰ ਸਟਾਰਟਅੱਪਸ ਲਈ ਇਕ ਵੱਡੀ ਜਿੱਤ ਦੱਸਿਆ ਅਤੇ ਇਸ ਨੂੰ ਸਟਾਰਟਅੱਪ ਈਕੋਸਿਸਟਮ ਲਈ ਉਤਸ਼ਾਹਜਨਕ ਖਬਰ ਦੱਸਿਆ।
ਕਿਹੜੇ ਸਟਾਰਟਅੱਪਸ ਨੂੰ ਮਿਲੇਗਾ ਲਾਭ?
ਇਸ ਲਾਭ ਲਈ ਸਟਾਰਟਅੱਪਸ ਨੂੰ DPIIT ਵਲੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸਾਲਾਨਾ ਆਮਦਨ 100 ਕਰੋੜ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਆਰਥਿਕ ਕਾਨੂੰਨ ਅਭਿਆਸ ਦੇ ਪਾਰਟਨਰ ਰਾਹੁਲ ਚਰਖਾ ਮੁਤਾਬਕ ਸੈਕਸ਼ਨ 80-IAC ਦੇ ਤਹਿਤ ਸਟਾਰਟਅੱਪ ਆਪਣੀ ਰਜਿਸਟ੍ਰੇਸ਼ਨ ਦੇ 10 ਸਾਲਾਂ 'ਚੋਂ ਕਿਸੇ ਵੀ ਲਗਾਤਾਰ ਤਿੰਨ ਸਾਲਾਂ ਲਈ 100 ਫੀਸਦੀ ਟੈਕਸ ਛੋਟ ਪ੍ਰਾਪਤ ਕਰ ਸਕਦੇ ਹਨ।
ਸਟਾਰਟਅੱਪ ਅਤੇ ਮਾਹਰਾਂ ਦੀ ਪ੍ਰਤੀਕਿਰਿਆ
ਰਸਤੋਗੀ ਚੈਂਬਰਜ਼ ਦੇ ਸੰਸਥਾਪਕ ਅਭਿਸ਼ੇਕ ਏ. ਰਸਤੋਗੀ ਨੇ ਕਿਹਾ ਕਿ ਇਸ ਫੈਸਲੇ ਨਾਲ ਵੱਧ ਸਟਾਰਟਅੱਪਸ ਨੂੰ ਇਹ ਮਹੱਤਵਪੂਰਨ ਟੈਕਸ ਲਾਭ ਮਿਲੇਗਾ, ਜਿਸ ਨਾਲ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ 'ਚ ਨਕਦ ਪ੍ਰਵਾਹ ਅਤੇ ਮੁਨਾਫੇ ਵਿਚ ਸੁਧਾਰ ਹੋਵੇਗਾ। ਇਹ ਵਾਧੂ ਸਮਾਂ ਨੌਜਵਾਨ ਸਟਾਰਟਅੱਪਸ ਨੂੰ ਇਕ ਸਥਿਰ ਨੀਤੀਗਤ ਢਾਂਚਾ ਪ੍ਰਦਾਨ ਕਰੇਗੀ, ਜਿਸ ਨਾਲ ਵੱਡੇ ਪੱਧਰ 'ਤੇ ਨੌਕਰੀਆਂ ਪੈਦਾ ਕਰਨ ਅਤੇ ਭਾਰਤ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਣ ਵਿਚ ਮਦਦ ਮਿਲ ਸਕੇਗੀ।