ਤਾਮਿਲਨਾਡੂ 'ਚ ਚਿਥੀਰਾਈ ਉਤਸਵ ਦੌਰਾਨ ਰਥ ਯਾਤਰਾ 'ਚ ਸ਼ਾਮਲ ਹੋਏ 5 ਲੱਖ ਲੋਕ
Saturday, Apr 16, 2022 - 02:13 PM (IST)

ਮਦੁਰਈ- ਤਾਮਿਲਨਾਡੂ ਦੇ ਮਦੁਰਈ ਸਥਿਤ ਮੀਨਾਕਸ਼ੀ ਸੁੰਦਰੇਸ਼ਵਰ ਮੰਦਰ 'ਚ ਚਿਥੀਰਾਈ ਥੇਰੋਟਟਮ (ਰਥ ਉਤਸਵ) ਸ਼ੁੱਕਰਵਾਰ ਨੂੰ ਆਯੋਜਿਤ ਕੀਤਾ ਗਿਆ। ਰਥ ਯਾਤਰਾ 'ਚ 5 ਲੱਖ ਤੋਂ ਵਧ ਲੋਕ ਸ਼ਾਮਲ ਹੋਏ। 12 ਦਿਨਾਂ ਸਾਲਾਨਾ ਚਿਥੀਰਾਈ ਬ੍ਰਹਮਹੋਤਸਵ ਉਤਸਵ ਕਾਰਨ ਇਹ ਆਯੋਜਨ ਕੀਤਾ ਗਿਆ। ਇਸ ਉਤਸਵ ਦੀ ਸ਼ੁਰੂਆਤ 5 ਅਪ੍ਰੈਲ ਨੂੰ ਹੋਈ ਸੀ। ਇਹ 16 ਅਪ੍ਰੈਲ ਯਾਨੀ ਅੱਜ ਸੰਪੰਨ ਹੋਵੇਗਾ। ਯਾਤਰਾ ਨਿਕਲਣ ਤੋਂ ਪਹਿਲਾਂ ਭਗਵਾਨ ਸੁੰਦਰੇਸ਼ਵਰ ਅਤੇ ਦੇਵੀ ਪਿਰੀਆਵਿਦਾਈ ਲਈ ਵਿਸ਼ੇਸ਼ ਪੂਜਾ ਕੀਤੀ ਗਈ। ਯਾਤਰਾ ਦੀ ਵਿਵਸਥਾ ਲਈ ਕਰੀਬ 3500 ਤੋਂ ਵਧ ਪੁਲਸ ਕਰਮੀਆਂ ਦੀ ਡਿਊਟੀ ਲਗਾਈ ਗਈ ਹੈ।
ਜੁਲੂਸ 'ਚ ਲੱਕੜੀ ਦੇ ਛੋਟੇ ਰਥਾਂ 'ਚ ਭਗਵਾਨ ਵਿਨਾਇਕ, ਭਗਵਾਨ ਮੁਰੂਗਨ ਅਤੇ ਭਗਵਾਨ ਨਯਨਮਾਰਸ ਰੱਖਿਆ ਗਿਆ ਅਤੇ ਉਤਸਵ ਮਨਾਇਆ ਗਿਆ। ਤਮਿਲ ਮਹੀਨੇ ਚਿਥੀਰਈ 'ਚ ਮਨਾਏ ਜਾਣ ਵਾਲੇ ਰਥ ਉਤਸਵ 'ਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਭਗਤ ਪਹੁੰਚਦੇ ਹਨ। ਕੋਰੋਨਾ ਕਾਰਨ ਪਿਛਲੇ 2 ਸਾਲਾਂ ਤੋਂ ਇਸ ਪ੍ਰੋਗਰਾਮ ਨੂੰ ਦੇਖਣ ਲਈ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਨਹੀਂ ਆ ਪਾ ਰਹੇ ਸਨ ਪਰ ਇਸ ਸਾਲ ਪੂਰੇ ਧਾਰਮਿਕ ਉਤਸ਼ਾਹ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਉਤਸਵ ਦੌਰਾਨਾ ਭਗਤਾਂ ਨੇ ਪੂਰੀ ਤਰ੍ਹਾਂ ਲੱਕੜੀ ਦੇ ਰਥਾਂ ਨੂੰ ਖਿੱਚ ਕੇ ਧੂਮਧਾਮ ਨਾਲ ਉਤਸਵ ਮਨਾਇਆ। ਇਨ੍ਹਾਂ ਰਥਾਂ ਨੂੰ ਖਿੱਚਣ ਲਈ ਦੇਸ਼-ਵਿਦੇਸ਼ ਤੋਂ ਆਏ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਾਮਲ ਹੋਏ।