ਵੱਡੀ ਖ਼ਬਰ: ਕੋਰੋਨਾ ਕਾਰਨ ਇਸ ਸੂਬੇ 'ਚ ਅਗਲੇ ਤਿੰਨ ਮਹੀਨਿਆਂ ਤੱਕ 5 ਦਿਨ ਖੁੱਲ੍ਹਣਗੇ ਦਫ਼ਤਰ

Thursday, Apr 08, 2021 - 04:04 AM (IST)

ਭੋਪਾਲ - ਕੋਰੋਨਾ ਦੇ ਮੱਧ ਪ੍ਰਦੇਸ਼ ਵਿੱਚ ਤੇਜ਼ੀ ਨਾਲ ਫੈਲਦੇ ਇਨਫੈਕਸ਼ਨ ਤੋਂ ਬਾਅਦ ਹੁਣ ਸਰਕਾਰ ਨੇ ਵੱਡੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੀ.ਐੱਮ. ਰਿਹਾਇਸ਼ 'ਤੇ ਆਯੋਜਿਤ ਹੋਈ ਇੱਕ ਉੱਚ ਪੱਧਰੀ ਬੈਠਕ ਦੌਰਾਨ ਕਈ ਮਹੱਤਵਪੂਰਣ ਫ਼ੈਸਲੇ ਲਏ ਗਏ। ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਵਿੱਚ ਆਯੋਜਿਤ ਬੈਠਕ ਵਿੱਚ ਫ਼ੈਸਲਾ ਲਿਆ ਗਿਆ ਕਿ ਹੁਣ ਰਾਜ ਦੇ ਸਾਰੇ ਸਰਕਾਰੀ ਦਫ਼ਤਰ ਆਉਣ ਵਾਲੇ ਤਿੰਨ ਮਹੀਨਿਆਂ ਤੱਕ ਪੰਜ ਹੀ ਦਿਨ ਕੰਮ ਕਰਣਗੇ। ਦਫ਼ਤਰ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੇ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੇ।

ਉਥੇ ਹੀ ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਕਿ ਪ੍ਰਦੇਸ਼ ਦੇ ਸਾਰੇ ਸ਼ਹਿਰੀ ਇਲਾਕਿਆਂ ਵਿੱਚ 8 ਅਪ੍ਰੈਲ ਤੋਂ ਅਗਲੇ ਆਦੇਸ਼ ਤੱਕ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਰਹੇਗਾ। ਨਾਲ ਹੀ ਹਰ ਐਤਵਾਰ ਨੂੰ ਪੂਰੀ ਤਰ੍ਹਾਂ ਤਾਲਾਬੰਦੀ ਰਹੇਗੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਦੁਕਾਨ ਜਾਂ ਅਦਾਰੇ ਖੋਲ੍ਹਣ 'ਤੇ ਪਾਬੰਦੀ ਹੋਵੇਗੀ ਅਤੇ ਅਜਿਹਾ ਨਹੀਂ ਕਰਣ 'ਤੇ ਪ੍ਰਸ਼ਾਸਨ ਸਖ਼ਤੀ ਬਰਤੇਗਾ।

ਛਿੰਦਵਾੜਾ ਵਿੱਚ ਸੱਤ ਦਿਨ ਲਈ ਤਾਲਾਬੰਦੀ
ਉਥੇ ਹੀ ਵੱਧਦੇ ਕੋਰੋਨਾ ਇਨਫੈਕਸ਼ਨ ਨੂੰ ਵੇਖਦੇ ਹੋਏ ਛਿੰਦਵਾੜਾ ਜ਼ਿਲ੍ਹੇ ਵਿੱਚ 8 ਅਪ੍ਰੈਲ ਦੀ ਰਾਤ 8 ਵਜੇ ਤੋਂ ਆਉਣ ਵਾਲੇ 7 ਦਿਨਾਂ ਤੱਕ ਪੂਰੀ ਤਰ੍ਹਾਂ ਤਾਲਾਬੰਦੀ ਲਗਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ। ਇਸਦੇ ਨਾਲ ਹੀ ਸ਼ਾਜਾਪੁਰ ਸ਼ਹਿਰ ਵਿੱਚ ਬੁੱਧਵਾਰ ਰਾਤ 8 ਵਜੇ ਤੋਂ ਦੋ ਦਿਨਾਂ ਦਾ ਸੰਪੂਰਣ ਤਾਲਾਬੰਦੀ ਲਗਾਉਣ ਦਾ ਫ਼ੈਸਲਾ ਵੀ ਲਿਆ ਗਿਆ।

ਇਸ ਤੋਂ ਪਹਿਲਾਂ ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਸੀ ਕਿ ਰਾਜ ਵਿੱਚ ਫਿਲਹਾਲ ਪੂਰਣ ਤਾਲਾਬੰਦੀ ਨਹੀਂ ਹੋਵੇਗੀ। ਤਾਲਾਬੰਦੀ ਆਖਰੀ ਵਿਕਲਪ ਹੈ। ਸਾਰੇ ਜ਼ਿਲ੍ਹਿਆਂ ਦੀ ਸਥਿਤੀ ਦੀ ਸਮੀਖਿਆ ਕਰਣ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ MP ਦਾ ਨਵਾਂ ਮਤਲਬ ਕੱਢਿਆ। ਸੀ.ਐੱਮ. ਨੇ ਕਿਹਾ “ਐੱਮ.ਪੀ. ਮਤਲਬ ਮਾਸਕ ਪਹਿਨਣਾ”। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਜੰਗ ਵਿੱਚ, ਸਾਨੂੰ ਹਰ ਵਰਗ ਦਾ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਪਰ ਇਸ ਬੀਮਾਰੀ ਦੀ ਦੂਜੀ ਲਹਿਰ ਤੇਜ਼ੀ ਨਾਲ ਵੱਧ ਰਹੀ ਹੈ। ਇਸ ਤੋਂ ਨਜਿੱਠਣ ਲਈ ਸਮਾਜ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੜਨਾ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News