ਅਮਰਨਾਥ ਯਾਤਰਾ ਲਈ 18ਵਾਂ ਜਥਾ ਰਵਾਨਾ, 1.65 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
Sunday, Jul 17, 2022 - 01:09 PM (IST)
ਜੰਮੂ- ਜੰਮੂ-ਕਸ਼ਮੀਰ ’ਚ ਅਮਰਨਾਥ ਗੁਫ਼ਾ ਲਈ 5200 ਤੋਂ ਵੱਧ ਸ਼ਰਧਾਲੂਆਂ ਦਾ 18ਵਾਂ ਜਥਾ ਐਤਵਾਰ ਨੂੰ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੀ ਸਖ਼ਤ ਸੁਰੱਖਿਆ ਦਰਮਿਆਨ 225 ਵਾਹਨਾਂ ਦੇ ਕਾਫ਼ਿਲੇ ’ਚ ਕੁੱਲ 5,284 ਸ਼ਰਧਾਲੂ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ। ਉਨ੍ਹਾਂ ਨੇ ਕਿਹਾ ਕਿ ਬਾਲਟਾਲ ਜਾਣ ਵਾਲੇ 1,743 ਸ਼ਰਧਾਲੂ ਸਭ ਤੋਂ ਪਹਿਲਾ 87 ਵਾਹਨਾਂ ’ਚ ਤੜਕੇ 3.30 ਵਜੇ ਰਵਾਨਾ ਹੋਏ, ਇਸ ਤੋਂ ਬਾਅਦ 138 ਵਾਹਨਾਂ ਦਾ ਦੂਜਾ ਕਾਫ਼ਿਲਾ 3,541 ਸ਼ਰਧਾਲੂਆਂ ਨੂੰ ਲੈ ਕੇ ਸਵੇਰੇ 4.20 ਵਜੇ ਪਹਿਲਗਾਮ ਲਈ ਰਵਾਨਾ ਹੋਇਆ।
ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 1.65 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਗੁਫ਼ਾ ’ਚ ਕੁਦਰਤੀ ਰੂਪ ਨਾਲ ਬਣੇ ਬਰਫ਼ ਦੇ ਸ਼ਿਵਲਿੰਗ ਦੀ ਪੂਜਾ ਕੀਤੀ। ਇਸ ਦੇ ਨਾਲ ਹੀ 29 ਜੂਨ ਤੋਂ ਘਾਟੀ ਲਈ ਭਗਵਤੀ ਨਗਰ ਆਧਾਰ ਕੈਂਪ ਤੋਂ ਕੁੱਲ 1,05,109 ਸ਼ਰਧਾਲੂ ਰਵਾਨਾ ਹੋਏ ਹਨ। ਇਸੇ ਦਿਨ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਵਿਖਾਈ ਸੀ। ਇਹ ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।