ਤਾਮਿਲਨਾਡੂ ''ਚ 12ਵੀਂ ਬੋਰਡ ਇਮਤਿਹਾਨ ''ਚ ਸ਼ਾਮਲ ਹੋਏ 90 ਕੈਦੀ ਤੇ 5 ਹਜ਼ਾਰ ਤੋਂ ਵਧੇਰੇ ''ਦਿਵਿਆਂਗ''
Monday, Mar 13, 2023 - 12:44 PM (IST)
ਚੇਨਈ- ਤਾਮਿਲਨਾਡੂ ਵਿਚ ਸੋਮਵਾਰ ਤੋਂ ਸ਼ੁਰੂ ਹੋਏ 12ਵੀਂ ਜਮਾਤ ਦੇ ਬੋਰਡ ਇਮਤਿਹਾਨ 'ਚ ਸ਼ਾਮਲ ਹੋਣ ਵਾਲੇ 8.51 ਲੱਖ ਵਿਦਿਆਰਥੀਆਂ 'ਚ ਕੁੱਲ 5,206 ਦਿਵਿਆਂਗ ਅਤੇ 90 ਕੈਦੀ ਹਨ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਇਮਤਿਹਾਨ 'ਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਪੇਪਰ ਦਾ ਸਮਾਂ 3 ਘੰਟੇ ਸਵੇਰੇ 10.15 ਵਜੇ ਤੋਂ ਦੁਪਹਿਰ 1.15 ਵਜੇ ਤੱਕ ਦਾ ਹੈ। ਵਿਦਿਆਰਥੀ ਸੋਮਵਾਰ ਨੂੰ ਭਾਗ-1 ਭਾਸ਼ਾ ਦੇ ਪੇਪਰ ਲਈ ਲਿਖ ਰਹੇ ਹਨ। ਭਾਗ-1 ਭਾਸ਼ਾ ਇਮਤਿਹਾਨ ਲਈ ਤਮਿਲ, ਤੇਲਗੂ, ਕਨੰੜ, ਮਲਿਆਲਮ, ਹਿੰਦੀ, ਉਰਦੂ, ਫਰੈਂਚ, ਅਰਬੀ, ਜਰਮਨ ਅਤੇ ਸੰਸਕ੍ਰਿਤ ਦੇ ਪੇਪਰ ਲਿਖ ਸਕਦੇ ਹਨ। ਇਮਤਿਹਾਨ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਵਿਚ ਇਕ ਟਰਾਂਸਜੈਂਡਰ ਨਾਲ 4.33 ਲੱਖ ਵਿਦਿਆਰਥਣਾਂ ਅਤੇ 4.03 ਲੱਖ ਵਿਦਿਆਰਥੀ ਹਨ।
ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਵਿਦਿਆਰਥੀ ਵੀ 6,982 ਮੁੰਡੇ ਅਤੇ 7,782 ਕੁੜੀਆਂ ਨਾਲ ਇਮਤਿਹਾਨ ਦੇ ਰਹੇ ਹਨ। ਜਮਾਤ 12ਵੀਂ ਦੇ ਬੋਰਡ ਇਮਤਿਹਾਨ 3 ਅਪ੍ਰੈਲ 2023 ਨੂੰ ਖ਼ਤਮ ਹੋਣਗੇ। ਇਮਤਿਹਾਨ ਦੇ ਪ੍ਰਸ਼ਨ ਪੱਤਰਾਂ ਦਾ ਮੁਲਾਂਕਣ 10 ਅਪ੍ਰੈਲ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਸਰਕਾਰ ਵਲੋਂ 48,000 ਗ੍ਰਰੈਜੂਏਟ ਅਧਿਆਪਕਾਂ ਨੂੰ ਮੁਲਾਂਕਣ ਲਈ ਤਾਇਨਾਤ ਕੀਤਾ ਜਾਵੇਗਾ। 21 ਅਪ੍ਰੈਲ ਨੂੰ ਮੁਲਾਂਕਣ ਖ਼ਤਮ ਹੋਣ ਮਗਰੋਂ ਇਮਤਿਹਾਨ ਦੇ ਨਤੀਜੇ 5 ਮਈ ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ।