ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 499ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Mar 06, 2019 - 10:33 AM (IST)

ਜਲੰਧਰ, (ਜੁਗਿੰਦਰ ਸੰਧੂ)– ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਭੜਕਾਊ ਕਾਰਵਾਈਆਂ ਅਤੇ ਬਹੁਤ ਸਾਰੇ ਭਾਰਤੀ ਇਲਾਕਿਆਂ ’ਤੇ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਗੋਲੀਬਾਰੀ ਕਾਰਨ ਜਿਥੇ ਸੁਰੱਖਿਆ ਬਲਾਂ ਦੇ ਕੁਝ ਜਵਾਨ ਅਤੇ ਅਧਿਕਾਰੀ ਸ਼ਹੀਦ ਹੋਏ ਹਨ, ਉਥੇ ਕੁਝ ਆਮ ਲੋਕ ਵੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਸਭ ਨਾਲ ਸਰਹੱਦੀ ਪਿੰਡਾਂ ਦੇ ਲੋਕਾਂ ’ਚ ਚਿੰਤਾ ਦੀ ਸਥਿਤੀ ਬਣਨ ਕਾਰਨ ਕੁਝ ਪਰਿਵਾਰ ਆਪਣੇ ਘਰ-ਘਾਟ ਛੱਡਣ ਲਈ ਮਜਬੂਰ ਹੋਏ ਹਨ।
ਸਰਹੱਦੀ ਪਰਿਵਾਰਾਂ ਦੀ ਤ੍ਰਾਸਦੀ ਇਹ ਹੈ ਕਿ ਜਦੋਂ ਵੀ ਹਾਲਾਤ ਖਰਾਬ ਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਰਨਾਰਥੀਆਂ ਵਾਂਗ ਭਟਕਣ ਲਈ ਮਜਬੂਰ ਹੋਣਾ ਪੈਂਦਾ ਹੈ। ਇਨ੍ਹਾਂ ਲੋਕਾਂ ਨੂੰ ਜਿਥੇ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਸੁਰੱਖਿਆ ਦੇ ਨਜ਼ਰੀਏ ਤੋਂ ਚਿੰਤਾ ਸਤਾਉਂਦੀ ਰਹਿੰਦੀ ਹੈ, ਉਥੇ ਰੋਜ਼ੀ-ਰੋਟੀ ਦਾ ਮਸਲਾ ਵੀ ਪੈਦਾ ਹੋ ਜਾਂਦਾ ਹੈ। ਸੰਕਟ ਦਾ ਸਾਹਮਣਾ ਕਰਨ ਵਾਲੇ ਅਜਿਹੇ ਸਰਹੱਦੀ ਪਰਿਵਾਰਾਂ ਤੇ ਵੱਖ-ਵੱਖ ਖੇਤਰਾਂ ਦੇ ਅੱਤਵਾਦ ਪੀੜਤਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਲਗਾਤਾਰ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 499ਵੇਂ ਟਰੱਕ ਦੀ ਰਾਹਤ ਸਮੱਗਰੀ ਪੰਜਾਬ ਦੇ ਪਠਾਨਕੋਟ ਜ਼ਿਲੇ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਪੰਜਾਬ ਕੇਸਰੀ ਗਰੁੱਪ ਦੇ ਪ੍ਰਤੀਨਿਧੀ ਸ਼੍ਰੀ ਅਮਰਿੰਦਰ ਸਿੰਘ ਪੁਰੀ ਦੇ ਵਿਸ਼ੇਸ਼ ਯਤਨਾਂ ਸਦਕਾ ਨਾਭਾ ਸ਼ਹਿਰ ਦੇ ਨਿਵਾਸੀਆਂ ਵਲੋਂ ਦਿੱਤਾ ਗਿਆ। ਇਸ ਟਰੱਕ ਦੀ ਸਮੱਗਰੀ ਵਿਚ ਸਰਦੀਆਂ ਦੀ ਰੁੱਤ ਨੂੰ ਧਿਆਨ ’ਚ ਰੱਖਦਿਆਂ 300 ਰਜਾਈਆਂ ਸ਼ਾਮਲ ਕੀਤੀਆਂ ਗਈਆਂ। ਨਾਭਾ ਤੋਂ ਪਹਿਲਾਂ ਵੀ ਸਮੱਗਰੀ ਦਾ ਇਕ ਟਰੱਕ ਭਿਜਵਾਇਆ ਜਾ ਚੁੱਕਾ ਹੈ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਇਸ ਟਰੱਕ ਨੂੰ ਰਵਾਨਾ ਕੀਤੇ ਜਾਣ ਸਮੇਂ ਨਾਭਾ ਦੇ ਸਰਵ ਸ਼੍ਰੀ ਛੱਜੂ ਰਾਮ ਸਿੰਘੀ, ਚਮਨ ਲਾਲ, ਦਰਸ਼ਨ ਅਰੋੜਾ, ਲਲਿਤ ਸ਼ਰਮਾ, ਅਲੋਕ ਮੁਖੇਜਾ, ਵਿਵੇਕ ਖੰਨਾ ਅਤੇ ਗੁਰਦੀਪ ਚੋਪੜਾ ਵੀ ਮੌਜੂਦ ਸਨ।
ਪ੍ਰਭਾਵਿਤ ਪਰਿਵਾਰਾਂ ਨੂੰ ਸਮੱਗਰੀ ਪਹੁੰਚਾਉਣ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਸੀ. ਆਰ. ਪੀ. ਐੈੱਫ. ਦੇ ਰਿਟਾਇਰਡ ਅਧਿਕਾਰੀ ਸ. ਸੁਲਿੰਦਰ ਸਿੰਘ ਕੰਡੀ, ਲੁਧਿਆਣਾ ਦੇ ਸ. ਹਰਦਿਆਲ ਸਿੰਘ ਅਮਨ, ਜਨਹਿਤ ਵੈੱਲਫੇਅਰ ਸੁਸਾਇਟੀ ਦੀ ਚੇਅਰਪਰਸਨ ਮੈਡਮ ਡੌਲੀ ਹਾਂਡਾ, ਪਠਾਨਕੋਟ ਤੋਂ ਪੰਜਾਬ ਕੇਸਰੀ ਦਫਤਰ ਦੇ ਇੰਚਾਰਜ ਸ਼੍ਰੀ ਸੰਜੀਵ ਸ਼ਾਰਦਾ, ਬ੍ਰਾਹਮਣ ਸਭਾ ਪਠਾਨਕੋਟ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਤੇ ਸਮਾਜ ਸੇਵੀ ਸੁਮੀਰ ਸ਼ਾਰਦਾ ਵੀ ਸ਼ਾਮਲ ਸਨ।