ਜੰਮੂ ਤੋਂ ਭੋਲੇ ਸ਼ੰਕਰ ਦੇ ਜੈਕਾਰਿਆਂ ’ਚ ਤੀਜੇ ਜੱਥੇ ’ਚ 4903 ਸ਼ਰਧਾਲੂ ਰਵਾਨਾ
Monday, Jul 03, 2023 - 06:23 PM (IST)
ਜੰਮੂ (ਸੰਜੀਵ)- ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ ਸ਼੍ਰੀ ਅਮਰਨਾਥ ਯਾਤਰਾ ਦੇ ਤੀਜੇ ਜੱਥੇ ’ਚ ਐਤਵਾਰ ਸਵੇਰੇ 4903 ਸ਼ਰਧਾਲੂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਏ। ਪਹਿਲਗਾਮ ਮਾਰਗ ਲਈ 104 ਵਾਹਨਾਂ ’ਚ 2557 ਸ਼ਰਧਾਲੂ (1952 ਪੁਰਸ਼, 379 ਔਰਤਾਂ, 218 ਸਾਧੂ ਅਤੇ 8 ਸਾਧਵੀਆਂ) ਰਵਾਨਾ ਕੀਤੇ ਗਏ। ਉੱਥੇ ਹੀ, ਬਾਲਟਾਲ ਮਾਰਗ ਲਈ 2346 ਅਮਰਨਾਥ ਯਾਤਰੀਆਂ (1838 ਪੁਰਸ਼, 468 ਔਰਤਾਂ, 3 ਬੱਚੇ, 4 ਟਰਾਂਸਜੈਂਡਰ, 33 ਸਾਧੂ) ਨੂੰ 131 ਵਾਹਨਾਂ ’ਚ ਰਵਾਨਾ ਕੀਤਾ ਗਿਆ।
ਉਥੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੇਲ ਅਤੇ ਸੜਕ ਰਸਤਿਓਂ ਹਜ਼ਾਰਾਂ ਦੀ ਗਿਣਤੀ ’ਚ ਸ਼੍ਰੀ ਅਮਰਨਾਥ ਯਾਤਰੀਆਂ ਦਾ ਜੰਮੂ ਪੁੱਜਣ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਿਹਾ। ਯਾਤਰੀਆਂ ਦੇ ਵੱਡੀ ਗਿਣਤੀ ’ਚ ਪੁੱਜਣ ਕਾਰਨ ਤੁਰੰਤ ਰਜਿਟ੍ਰੇਸ਼ਨ ਕੇਂਦਰਾਂ ’ਚ ਸ਼ਰਧਾਲੂਆਂ ਨੂੰ ਯਾਤਰਾ ਲਈ ਹਫ਼ਤੇ ਤੋਂ ਲੈ ਕੇ 10 ਦਿਨ ਤੋਂ ਬਾਅਦ ਦੀ ਰਜਿਟ੍ਰੇਸ਼ਨ ਦੀ ਪਰਚੀ ਮਿਲ ਰਹੀ ਹੈ। ਇਸ ਵਜ੍ਹਾ ਨਾਲ ਅਮਰਨਾਥ ਯਾਤਰੀ ਜੰਮੂ ਦੇ ਹੋਰ ਧਾਰਮਿਕ ਸਥਾਨਾਂ, ਜਿਨ੍ਹਾਂ ’ਚ ਸ਼੍ਰੀ ਮਾਤਾ ਵੈਸ਼ਣੋ ਦੇਵੀ, ਸ਼੍ਰੀ ਰਘੂਨਾਥ ਮੰਦਰ, ਬਾਵੇ ਵਾਲੀ ਮਾਤਾ ਦੇ ਮੰਦਰ, ਕੋਲ ਕੰਡੋਲੀ ਮੰਦਰ, ਸ਼੍ਰੀ ਰਣਵੀਰੇਸ਼ਵਰ ਮੰਦਰ ਆਦਿ ਸਥਾਨਾਂ ’ਚ ਵੀ ਦਰਸ਼ਨਾਂ ਲਈ ਵੱਡੀ ਗਿਣਤੀ ’ਚ ਪਹੁੰਚ ਰਹੇ ਹਨ। ਜੰਮੂ ’ਚ ਨਵੇਂ ਬਣੇ ਸ਼੍ਰੀ ਬਾਲਾਜੀ ਮੰਦਰ ’ਚ ਮੱਥਾ ਟੇਕਣ ਵੀ ਅਮਰਨਾਥ ਯਾਤਰੀ ਜਾ ਰਹੇ ਹਨ।