ਕ੍ਰਿਸਮਿਸ ਦਰਮਿਆਨ ਓਮੀਕ੍ਰੋਨ ਦਾ ਡਰ, ਦੇਸ਼ 'ਚ ਹੁਣ ਤੱਕ 415 ਮਾਮਲੇ ਦਰਜ
Saturday, Dec 25, 2021 - 11:02 AM (IST)
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਕਹਿਰ ਜਾਰੀ ਹੈ। ਕ੍ਰਿਸਮਿਸ ਦੇ ਜਸ਼ਨ ਦਰਮਿਆਨ ਓਮੀਕ੍ਰੋਨ ਦਾ ਡਰ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਹੁਣ ਤੱਕ ਓਮੀਕ੍ਰੋਨ ਦੇ ਕੁੱਲ ਮਾਮਲੇ ਵੱਧ ਕੇ ਹੁਣ 415 ਹੋ ਗਏ ਹਨ। ਇਕ ਦਿਨ 'ਚ ਓਮੀਕ੍ਰੋਨ ਦੇ ਮਾਮਲਿਆਂ 'ਚ 16 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਓਮੀਕ੍ਰੋਨ ਮਰੀਜ਼ਾਂ ਦੀ ਕੁੱਲ ਗਿਣਤੀ 358 ਸੀ, ਜੋ ਅੱਜ ਯਾਨੀ ਸ਼ਨੀਵਾਰ ਵੱਧ ਕੇ 415 ਹੋ ਗਈ ਹੈ। ਉੱਥੇ ਹੀ ਕੁੱਲ ਮਾਮਲਿਆਂ 'ਚੋਂ 115 ਮਰੀਜ਼ ਠੀਕ ਹੋ ਚੁਕੇ ਹਨ, ਇਕ ਦਿਨ 'ਚ ਸਿਰਫ਼ ਇਕ ਮਰੀਜ਼ ਹੀ ਠੀਕ ਹੋਇਆ ਹੈ। ਯਾਨੀ ਸੰਕ੍ਰਮਣ ਦੀ ਰਫ਼ਤਾਰ ਬਹੁਤ ਤੇਜ਼ ਹੈ, ਜਦੋਂ ਕਿ ਇਸ ਤੋਂ ਸਿਹਤਮੰਦ ਹੋਣ ਵਾਲਿਆਂ ਦੀ ਰਫ਼ਤਾਰ ਬਹੁਤ ਹੌਲੀ ਹੈ।
ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ 'ਚ 7,189 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ 387 ਮਰੀਜ਼ਾਂ ਦੀ ਮੌਤ ਹੋਈ ਹੈ। ਉੱਥੇ ਹੀ 7286 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਪੂਰੀ ਦੁਨੀਆ 'ਚ ਓਮੀਕ੍ਰੋਨ ਇਕ ਮਹੀਨੇ 'ਚ 108 ਦੇਸ਼ਾਂ ਤੱਕ ਫੈਲ ਚੁਕਿਆ ਹੈ। ਇਸ ਇਕ ਮਹੀਨੇ 'ਚ ਇਸ ਓਮੀਕ੍ਰੋਨ ਦੇ ਦੁਨੀਆ 'ਚ ਹੁਣ ਤੱਕ 1,51,368 ਮਾਮਲੇ ਸਾਹਮਣੇ ਆ ਚੁਕੇ ਹਨ, ਨਾਲ ਹੀ ਹੁਣ ਤੱਕ ਇਸ ਨਾਲ 26 ਲੋਕਾਂ ਦੀ ਮੌਤ ਹੋ ਚੁਕੀ ਹੈ। ਓਮੀਕ੍ਰੋਨ ਦਾ ਪਹਿਲਾ ਮਾਮਲਾ 24 ਨਵੰਬਰ ਨੂੰ ਦੱਖਣੀ ਅਫ਼ਰੀਕਾ 'ਚ ਦਰਜ ਕੀਤਾ ਗਿਆ ਸੀ।