ਰਿਸ਼ਵਤਖੋਰੀ ਦੀ ਵੀਡੀਓ ਸਾਹਮਣੇ ਆਉਣ ਪਿੱਛੋਂ ਐਕਸ਼ਨ, ਇੱਕੋ ਵੇਲੇ 40 ਟਰੈਫਿਕ ਪੁਲਸ ਮੁਲਾਜ਼ਮਾਂ ਦਾ ਤਬਾਦਲਾ
Sunday, Feb 18, 2024 - 07:09 PM (IST)
ਠਾਣੇ, (ਭਾਸ਼ਾ)- ਠਾਣੇ ਦੇ ਮੁੰਬਰਾ ਇਲਾਕੇ ਵਿੱਚ ਕੁਝ ਪੁਲਸ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਵਾਹਨ ਚਾਲਕਾਂ ਤੋਂ ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਉਣ ਪਿੱਛੋਂ 40 ਟਰੈਫਿਕ ਪੁਲਸ ਮੁਲਾਜ਼ਮਾਂ ਦਾ ਇੱਕੋ ਵੇਲੇ ਤਬਾਦਲਾ ਕਰ ਦਿੱਤਾ ਗਿਆ।
ਇਕ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਹੈ, ਉਹ ਸਾਰੇ ਟਰੈਫਿਕ ਪੁਲਸ ਦੇ ਮੁੰਬਰਾ ਡਵੀਜ਼ਨ ਦੇ ਹੀ ਹਨ। ਤਬਦੀਲ ਕੀਤੇ ਗਏ ਪੁਲਸ ਮੁਲਾਜ਼ਮਾਂ ’ਚ ਮੁੰਬਰਾ ਟ੍ਰੈਫਿਕ ਡਿਵੀਜ਼ਨ ਦੇ ਸੀਨੀਅਰ ਇੰਸਪੈਕਟਰ ਸੁਰੇਸ਼ ਖੇਡੇਕਰ, ਦੋ ਸਹਾਇਕ ਸਬ-ਇੰਸਪੈਕਟਰ ਅਤੇ ਇੱਕ ਕਾਂਸਟੇਬਲ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਆਫ ਪੁਲਸ (ਟ੍ਰੈਫਿਕ) ਵਿਜੇ ਕੁਮਾਰ ਰਾਠੌੜ ਨੇ ਤਬਾਦਲੇ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ਮੁਲਾਜ਼ਮਾਂ ਨੂੰ ਕੰਟਰੋਲ ਰੂਮ ਵਿੱਚ ਤਬਦੀਲ ਕੀਤਾ ਗਿਆ ਹੈ। ਵੀਡੀਓ ’ਚ ਟ੍ਰੈਫਿਕ ਪੁਲਸ ਕਰਮਚਾਰੀ ਭੀੜ-ਭੜੱਕੇ ਵਾਲੇ ਮੁੰਬਰਾ ਖੇਤਰ ਤੋਂ ਲੰਘਣ ਵਾਲੇ ਵਾਹਨਾਂ ਦੇ ਡਰਾਈਵਰਾਂ ਕੋਲੋਂ ਪੈਸੇ ਲੈਂਦੇ ਵਿਖਾਈ ਦੇ ਰਹੇ ਹਨ।