ਦਿਨ ਵੇਲੇ ਧੁੱਪ, ਸ਼ਾਮ ਨੂੰ ਠੰਡੀਆਂ ਹਵਾਵਾਂ, ਸਵੇਰੇ ਕੋਹਰਾ ! ਕੁਝ ਅਜਿਹਾ ਰਹੇਗਾ ਆਉਣ ਵਾਲੇ ਦਿਨਾਂ ''ਚ ਮੌਸਮ ਦਾ ਹਾਲ
Tuesday, Jan 14, 2025 - 05:12 AM (IST)
ਜਲੰਧਰ (ਪੁਨੀਤ)- ਰਿਕਾਰਡ ਮੁਤਾਬਕ ਲੋਹੜੀ ਵਾਲੇ ਦਿਨ ਆਮ ਤੌਰ ’ਤੇ ਧੁੰਦ ਦਾ ਆਲਮ ਰਿਹਾ ਹੈ ਪਰ ਤੇਜ਼ ਧੁੱਪ ਨਿਕਲਣ ਨਾਲ ਦੁਪਹਿਰ ਦੇ ਸਮੇਂ ਠੰਢ ਤੋਂ ਰਾਹਤ ਮਿਲੀ ਅਤੇ ਮੌਸਮ ਖੁੱਲ੍ਹਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਮਗਰੋਂ ਕੁਝ ਘੰਟਿਆਂ ਬਾਅਦ ਸ਼ਾਮ ਸਮੇਂ ਚੱਲੀਆਂ ਠੰਢੀਆਂ ਹਵਾਵਾਂ ਨੇ ਠੰਢ ਹੋਰ ਵੀ ਵਧਾ ਦਿੱਤੀ। ਦਿਨ ਵੇਲੇ ਨਿਕਲੀ ਧੁੱਪ ਕਾਰਨ ਲੋਕ ਘਰਾਂ ਦੀਆਂ ਛੱਤਾਂ ’ਤੇ ਜਾ ਕੇ ਧੁੱਪ ਦਾ ਆਨੰਦ ਮਾਣਦੇ ਦੇਖੇ ਗਏ। ਉਥੇ ਹੀ, ਪਾਰਕ ਆਦਿ ਵਿਚ ਵੀ ਲੋਕਾਂ ਦੀ ਚਹਿਲ-ਪਹਿਲ ਨਜ਼ਰ ਆਈ।
ਸ਼ਾਮ ਨੂੰ ਤੇਜ਼ ਹਵਾਵਾਂ ਚੱਲਣ ਨਾਲ ਪਾਰਾ ਹੇਠਾਂ ਜਾਂਦੇ ਹੋਏ 6 ਡਿਗਰੀ ਤਕ ਪਹੁੰਚ ਗਿਆ, ਜਿਸ ਨਾਲ ਰਾਤ ਨੂੰ ਠੰਢ ਦਾ ਕਹਿਰ ਦੇਖਣ ਨੂੰ ਮਿਲਿਆ। ਸ਼ਾਮ ਤੋਂ ਬਾਅਦ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਕਿਉਂਕਿ ਠੰਢੀਆਂ ਹਵਾਵਾਂ ਕਾਰਨ ਹੱਡ ਜਮਾਉਣ ਵਾਲੀ ਠੰਢ ਪੈਣ ਲੱਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨ ਕੋਹਰਾ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਮਹਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 18.6 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਬੀਤੇ ਦਿਨ ਦੇ ਮੁਕਾਬਲੇ 2 ਡਿਗਰੀ ਵੱਧ ਦੱਸਿਆ ਗਿਆ ਹੈ। ਉਥੇ ਹੀ, ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਤੋਂ ਹੇਠਾਂ ਰਿਕਾਰਡ ਹੋਇਆ, ਜੋ ਕਿ ਠੰਢ ਦਾ ਜ਼ੋਰ ਦੱਸ ਰਿਹਾ ਹੈ।
ਇਹ ਵੀ ਪੜ੍ਹੋ- ਪਤੰਗ ਉਡਾਉਂਦਾ-ਉਡਾਉਂਦਾ ਮੁੰਡਾ ਵਿਹੜੇ 'ਚ ਉੱਬਲਦੇ ਪਾਣੀ 'ਚ ਆ ਡਿੱਗਾ, ਬੁਰੀ ਤਰ੍ਹਾਂ ਸੜ ਗਿਆ ਮਾਸੂਮ
ਮਾਹਿਰਾਂ ਮੁਤਾਬਕ ਧੁੱਪ ਤੋਂ ਬਾਅਦ ਅਗਲੇ ਦਿਨ ਕੋਹਰਾ ਪੈਣਾ ਸੁਭਾਵਿਕ ਹੁੰਦਾ ਹੈ, ਜਿਸ ਕਾਰਨ ਮੰਗਲਵਾਰ ਅਤੇ ਬੁੱਧਵਾਰ ਲੋਕਾਂ ਨੂੰ ਧੁੰਦ ਦੀ ਵਜ੍ਹਾ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਿਲਸਿਲੇ ਵਿਚ ਵਿਜ਼ੀਬਿਲਟੀ ਘੱਟ ਹੋਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਸਾਵਧਾਨੀ ਅਪਣਾਉਣੀ ਚਾਹੀਦੀ ਹੈ।
ਜਲੰਧਰ ਵਿਚ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਸੀਤ ਲਹਿਰ ਕਾਰਨ ਪਾਰਾ ਹੋਰ ਡਿੱਗੇਗਾ। ਉਥੇ ਹੀ ਕਈ ਦਿਨਾਂ ਬਾਅਦ ਧੁੱਪ ਨਿਕਲਣ ਕਾਰਨ ਲੋਕਾਂ ਨੇ ਆਪਣੇ ਪੈਂਡਿੰਗ ਚੱਲ ਰਹੇ ਕੰਮ ਨਿਪਟਾਏ।
ਸਵੇਰ ਦੇ ਸਮੇਂ ਬੱਦਲ ਛਾਏ ਹੋਏ ਸਨ ਪਰ ਦਿਨ ਨਿਕਲਦੇ-ਨਿਕਲਦੇ ਧੁੱਪ ਦਾ ਜ਼ੋਰ ਦੇਖਣ ਨੂੰ ਮਿਲਿਆ। ਇਸ ਕਾਰਨ ਦੁਪਹਿਰ ਦੇ ਸਮੇਂ ਸੜਕਾਂ ਅਤੇ ਬਾਜ਼ਾਰਾਂ ਵਿਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਮਾਰਕੀਟ ਵਿਚ ਆਵਾਜਾਈ ਕਾਰਨ ਗਾਹਕੀ ਵਧਣ ਕਰ ਕੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਮੁਤਾਬਕ ਮੰਗਲਵਾਰ ਨੂੰ ਔਰੇਂਜ ਅਲਰਟ ਰਹੇਗਾ, ਜਦਕਿ ਬੁੱਧਵਾਰ ਨੂੰ ਹਨੇਰੀ-ਤੂਫਾਨ ਅਤੇ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ, ਹਾਲਾਂਕਿ ਯੈਲੋ ਅਲਰਟ ਇਸ ਤੋਂ ਅੱਗੇ ਵੀ ਜਾਰੀ ਰਹਿਣ ਵਾਲਾ ਹੈ, ਜਿਸ ਕਾਰਨ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- Social Media ਦੀ Virtual ਦੁਨੀਆ 'ਚ ਗੁਆਚਾ 'ਬਚਪਨ' ; ਗੁੱਲੀ ਡੰਡਾ, ਪਿੱਠੂ ਤੇ ਲੁਕਣਮੀਚੀ ਹੋਈਆਂ ਖ਼ਤਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e