ਵਿਦੇਸ਼ਾਂ 'ਚ ਫਸੇ Yes Bank ਦੇ 40,000 ਗਾਹਕ, ਕੈਸ਼ ਕਰੰਸੀ ਬਦਲੇ ਖਰੀਦੇ ਸਨ ਪ੍ਰੀਪੇਡ ਕਾਰਡ

Tuesday, Mar 10, 2020 - 05:43 PM (IST)

ਵਿਦੇਸ਼ਾਂ 'ਚ ਫਸੇ Yes Bank ਦੇ 40,000 ਗਾਹਕ, ਕੈਸ਼ ਕਰੰਸੀ ਬਦਲੇ ਖਰੀਦੇ ਸਨ ਪ੍ਰੀਪੇਡ ਕਾਰਡ

ਮੁੰਬਈ — ਵਿਦੇਸ਼ ਯਾਤਰਾ ਕਰ ਰਹੇ ਯੈੱਸ ਬੈਂਕ ਦੇ ਲਗਭਗ 40,000 ਕਸਟਮਰਸ ਬੈਂਕ ਦੇ ਪ੍ਰੇਸ਼ਾਨੀ ’ਚ ਘਿਰਨ ਕਾਰਣ ਪੈਸੇ-ਪੈਸੇ ਨੂੰ ਤਰਸ ਰਹੇ ਹਨ। ਇਨ੍ਹਾਂ ਕਸਟਮਰਸ ਕੋਲ ਯੈੱਸ ਬੈਂਕ ਦੇ ਡੈਬਿਟ ਅਤੇ ਫਾਰੈਕਸ ਕਾਰਡ ਹਨ। ਉਨ੍ਹਾਂ ਕਸਟਮਰਸ ਲਈ ਸਥਿਤੀ ਜ਼ਿਆਦਾ ਖ਼ਰਾਬ ਹੈ ਜਿਨ੍ਹਾਂ ਨੇ ਕੈਸ਼ ਕਰੰਸੀ ਦੇ ਬਦਲੇ ਫਾਰੈਕਸ ਪ੍ਰੀਪੇਡ ਕਾਰਡ ਖਰੀਦੇ ਸਨ। ਇਹ ਕਸਟਮਰਸ ਆਪਣੇ ਹੋਟਲ ਦਾ ਬਿੱਲ, ਰੈਂਟ, ਟਰੈਵਲ ਅਤੇ ਫੂਡ ਤੱਕ ਲਈ ਭੁਗਤਾਨ ਕਰਨ ’ਚ ਅਸਮਰੱਥ ਹਨ। ਬੈਂਕ ਦੇ ਕਸਟਮਰਸ ਐੱਸ. ਓ. ਐੱਸ. ਮੈਸੇਜ ਭੇਜ ਰਹੇ ਹਨ।

ਫਾਰੈਕਸ ਕਾਰਡ ਆਪ੍ਰੇਟਰ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਕਿਹਾ, ‘‘ਡਰਾਫਟ ਵਾਂਗ ਫਾਰੈਕਸ ਪ੍ਰੀਪੇਡ ਕਾਰਡ ਵੀ ਪ੍ਰੀ-ਪੇਡ ਇੰਸਟਰੂਮੈਂਟ ਹੁੰਦੇ ਹਨ। ਇਹ ਅਚਾਨਕ ਆਈ ਇਕ ਅਜਿਹੀ ਮੁਸ਼ਕਲ ਹੈ ਜਿਸ ਨਾਲ ਵਿਦੇਸ਼ ’ਚ ਹਜ਼ਾਰਾਂ ਭਾਰਤੀ ਆਪਣੀ ਰਕਮ ਤੱਕ ਪਹੁੰਚ ਨਾ ਹੋਣ ਕਾਰਣ ਫਸ ਗਏ ਹਨ। ਅਜਿਹੀ ਸਥਿਤੀ ਬਾਰੇ ਸੋਚੋ, ਜਿਸ ’ਚ ਤੁਸੀਂ ਵਿਦੇਸ਼ ਯਾਤਰਾ ਕਰ ਰਹੇ ਹੋਵੋ ਅਤੇ ਤੁਹਾਡੇ ਕੋਲ ਪੇਮੈਂਟ ਲਈ ਡੈਬਿਟ/ਕ੍ਰੈਡਿਟ ਕਾਰਡ ਹੋਵੇ ਜੋ ਹੁਣ ਸਵੀਕਾਰ ਨਹੀਂ ਕੀਤੇ ਜਾ ਰਹੇ ਅਤੇ ਤੁਸੀਂ ਪੈਸੇ-ਪੈਸੇ ਲਈ ਤਰਸ ਰਹੇ ਹੋਵੋ।’’

ਕਿਸ ਜ਼ਰੂਰਤ ਲਈ ਕੱਢ ਸਕਦੇ ਹੋ ਕਿੰਨੇ ਪੈਸੇ

ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਯੈੱਸ ਬੈਂਕ ਤੋਂ ਪ੍ਰਤੀ ਵਿਅਕਤੀ ਵੱਧ ਤੋਂ ਵੱਧ 50,000 ਰੁਪਏ ਕੱਢਣ ਦੀ ਲਿਮਿਟ ਤੈਅ ਕੀਤੀ ਹੈ। ਹਾਲਾਂਕਿ ਇਲਾਜ ਦੀ ਜ਼ਰੂਰਤ, ਹਾਇਰ ਐਜੂਕੇਸ਼ਨ ਜਾਂ ਵਿਆਹ ਦੇ ਖਰਚੇ ਦੇ ਭੁਗਤਾਨ ਲਈ 5 ਲੱਖ ਰੁਪਏ ਤੱਕ ਕੱਢਣ ਦੀ ਛੋਟ ਦਿੱਤੀ ਗਈ ਹੈ।

ਵਿਦੇਸ਼ ’ਚ ਰਹਿ ਕੇ ਪੜ੍ਹਦੇ ਹਨ, ਕਿਰਾਇਆ ਨਹੀਂ ਦੇ ਪਾ ਰਹੇ ਕਸਟਮਰ

ਪ੍ਰੀਪੇਡ ਫਾਰੈਕਸ ਕਾਰਡ ਰੱਖਣ ਵਾਲੇ ਯੈੱਸ ਬੈਂਕ ਦੇ ਬਹੁਤ ਸਾਰੇ ਕਸਟਮਰਸ ਨੇ ਬੈਂਕ ਨੂੰ ਟਵੀਟ ਕਰ ਕੇ ਆਪਣਾ ਪੈਸਾ ਉਪਲੱਬਧ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ। ਵਿਦੇਸ਼ ’ਚ ਪੜ੍ਹਾਈ ਕਰ ਰਹੇ ਹਰਸ਼ ਵਧਵਾ ਕੋਲ ਬੁੱਕ ਮਾਈ ਫਾਰੈਕਸ ਮਲਟੀ-ਕਰੰਸੀ ਕਾਰਡ ਹੈ। ਉਨ੍ਹਾਂ ਟਵਿੱਟਰ ’ਤੇ ਲਿਖਿਆ ਹੈ, ‘‘ਮੈਂ ਕਿਰਾਇਆ ਦੇਣਾ ਹੈ ਪਰ ਮੈਂ ਆਪਣੇ ਕਾਰਡ ’ਚ ਪਹਿਲਾਂ ਤੋਂ ਪੈਸਾ ਹੋਣ ਦੇ ਬਾਵਜੂਦ ਉਸ ਨੂੰ ਨਹੀਂ ਕੱਢ ਸਕਦਾ।’’

ਸੌ ਮਿਤਰ ਚੱਕਰਵਰਤੀ ਨੇ ਟਵਿੱਟਰ ’ਤੇ ਦੱਸਿਆ ਕਿ ਉਹ ਕੈਨੇਡਾ ’ਚ ਹੈ ਅਤੇ ਉਸ ਕੋਲ ਪੈਸੇ ਦਾ ਇੱਕੋ-ਇਕੋ ਸਰੋਤ ਫਾਰੈਕਸ ਕਾਰਡ ਹੈ। ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਟੈਗ ਕਰਦਿਆਂ ਟਵਿੱਟਰ ’ਤੇ ਲਿਖਿਆ ਹੈ, ‘‘ਤੁਸੀਂ ਮੇਰੀ ਕਾਰਡ ਸਰਵਿਸ ਕਿਵੇਂ ਬੰਦ ਕਰ ਸਕਦੇ ਹੋ? ਮੈਂ ਇਕ ਮੁਸ਼ਕਲ ਸਥਿਤੀ ’ਚ ਫਸ ਗਿਆ ਹਾਂ। ਇਹ ਮੇਰੇ ਲਈ ਐੱਸ. ਓ. ਐੱਸ. (ਸੇਵ ਆਵਰ ਸੋਲ) ਸਿਚੂਏਸ਼ਨ ਹੈ।’’

ਆਨਲਾਈਨ ਰੈਮਿਟੈਂਸ ਫਿਲਹਾਲ ਬੰਦ

ਬੈਂਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਆਰ. ਟੀ. ਜੀ. ਐੱਸ./ਐੱਨ. ਈ. ਐੱਫ. ਟੀ. ਦੇ ਜ਼ਰੀਏ ਪੇਮੈਂਟ ਸਮੇਤ ਸਾਰੇ ਆਨਲਾਈਨ ਰੈਮਿਟੈਂਸ ਅਜੇ ਬੰਦ ਹਨ। ਇਸ ਦੇ ਨਾਲ ਹੀ ਬੈਂਕ ਨੇ ਦੱਸਿਆ ਹੈ ਕਿ ਕਲੀਅਰਿੰਗ ਐਕਟਿਵਿਟੀਜ਼ ਸ਼ੁਰੂ ਹੋਣ ’ਤੇ ਤੈਅ ਲਿਮਿਟ ਤੱਕ ਈ. ਐੱਮ. ਆਈ. ਦਾ ਭੁਗਤਾਨ ਕੀਤਾ ਜਾਵੇਗਾ। ਪਹਿਲਾਂ ਤੋਂ ਜਾਰੀ ਹੋਏ ਚੈੱਕ ਦੀਆਂ ਕਲੀਅਰਿੰਗ ਐਕਟਿਵਿਟੀਜ਼ ਦੁਬਾਰਾ ਸ਼ੁਰੂ ਹੋਣ ਜਾਂ ਆਰ. ਬੀ. ਆਈ. ਵਲੋਂ ਨਿਰਦੇਸ਼ ਮਿਲਣ ਤੱਕ ਭੁਗਤਾਨ ਨਹੀਂ ਹੋਵੇਗਾ।

ਇਹ ਖਾਸ ਖਬਰ ਵੀ ਪੜ੍ਹੋ : ਆਸਟ੍ਰੇਲੀਆ 'ਚ Facebook ਖਿਲਾਫ ਕੇਸ ਦਰਜ, ਹੋ ਸਕਦੈ 8 ਕਰੋੜ ਦਾ ਜੁਰਮਾਨਾ


Related News