ਸੁਪਰੀਮ ਕੋਰਟ ਦਾ ਪ੍ਰਸ਼ਾਸਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ- ਜਸਟਿਸ ਚਲਾਮੇਸ਼ਵਰ

01/12/2018 1:07:34 PM

ਨਵੀਂ ਦਿੱਲੀ— ਆਜ਼ਾਦੀ ਤੋਂ ਬਾਅਦ ਦੇਸ਼ 'ਚ ਪਹਿਲੀ ਵਾਰ ਸੁਪਰੀਮ ਕੋਰਟ ਦੇ 4 ਜੱਜਾਂ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਕੇ ਹੱਲਚੱਲ ਮਚਾ ਦਿੱਤੀ। ਚੀਫ ਜਸਟਿਸ ਤੋਂ ਬਾਅਦ ਸੁਪਰੀਮ ਕੋਰਟ ਦੇ 4 ਸੀਨੀਅਰ ਜੱਜ ਜਸਟਿਸ ਚਲਾਮੇਸ਼ਵਰ, ਜਸਟਿਸ ਮਦਨ ਲੋਕੁਰ, ਕੁਰੀਅਨ ਜੋਸੇਫ, ਰੰਜਨ ਗੋਗੋਈ ਨੇ ਮੀਡੀਆ ਨਾਲ ਗੱਲ ਕਰ ਕੇ ਸੁਪਰੀਮ ਕੋਰਟ ਦੇ ਪ੍ਰਸ਼ਾਸਨ 'ਚ ਬੇਨਿਯਮੀਆਂ 'ਤੇ ਸਵਾਲ ਖੜ੍ਹੇ ਕੀਤੇ। 
ਮੀਡੀਆ ਨਾਲ ਗੱਲ ਕਰਦੇ ਹੋਏ ਨੰਬਰ 2 ਦੇ ਜੱਜ ਮੰਨੇ ਜਾਣ ਵਾਲੇ ਜਸਟਿਸ ਚਲਾਮੇਸ਼ਵਰ ਨੇ ਕਿਹਾ,''ਕਰੀਬ 2 ਮਹੀਨੇ ਪਹਿਲਾਂ ਅਸੀਂ 4 ਜੱਜਾਂ ਨੇ ਚੀਫ ਜਸਟਿਸ ਨੂੰ ਪੱਤਰ ਲਿਖਿਆ ਅਤੇ ਮੁਲਾਕਾਤ ਕੀਤੀ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਜੋ ਕੁਝ ਵੀ ਹੋ ਰਿਹਾ ਹੈ, ਉਹ ਸਹੀ ਨਹੀਂ ਹੈ। ਪ੍ਰਸ਼ਾਸਨ ਠੀਕ ਤਰ੍ਹਾਂ ਨਹੀਂ ਚੱਲ ਰਿਹਾ ਹੈ। ਇਹ ਮਾਮਲਾ ਇਕ ਕੇਸ ਦੇ ਅਸਾਈਨਮੈਂਟ ਨੂੰ ਲੈ ਕੇ ਸੀ।'' ਉਨ੍ਹਾਂ ਨੇ ਕਿਹਾ ਹਾਲਾਂਕਿ ਅਸੀਂ ਚੀਫ ਜਸਟਿਸ ਨੂੰ ਆਪਣੀ ਗੱਲ ਸਮਝਾਉਣ 'ਚ ਅਸਫਲ ਰਹੇ। ਇਸ ਲਈ ਅਸੀਂ ਰਾਸ਼ਟਰ ਦੇ ਸਾਹਮਣੇ ਪੂਰੀ ਗੱਲ ਰੱਖਣ ਦਾ ਫੈਸਲਾ ਕੀਤਾ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਚੀਫ ਜਸਟਿਸ ਨੂੰ ਪੱਤਰ ਲਿਖਿਆ,''ਜਸਟਿਸ ਕੁਰੀਅਨ ਜੋਸੇਫ ਨੇ ਕਿਹਾ ਕਿ ਇਹ ਇਕ ਕੇਸ ਦੇ ਅਸਾਈਨਮੈਂਟ ਨੂੰ ਲੈ ਕੇ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਇਹ ਸੀ.ਬੀ.ਆਈ. ਜੱਜ ਜਸਟਿਸ ਲੋਇਆ ਦੀ ਸ਼ੱਕੀ ਮੌਤ ਨਾਲ ਜੁੜਿਆ ਮਾਮਲਾ ਹੈ, ਕੁਰੀਅਨ ਨੇ ਕਿਹਾ, ਹਾਂ।'' ਇਸ ਦੌਰਾਨ ਸੀ.ਜੇ.ਆਈ. ਨੂੰ ਲਿਖਿਆ ਪੱਤਰ ਜੱਜ ਮੀਡੀਆ ਨੂੰ ਦੇਣ ਵਾਲੇ ਹਨ, ਜਿਸ ਨਾਲ ਪੂਰਾ ਮਾਮਲਾ ਸਪੱਸ਼ਟ ਹੋ ਸਕੇਗਾ ਕਿ ਕਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਚੀਫ ਜਸਟਿਸ ਨਾਲ ਮਤਭੇਦ ਹਨ।
ਜਸਟਿਸ ਚਲਾਮੇਸ਼ਵਰ ਅਤੇ ਕੁਰੀਅਨ ਜੋਸੇਫ ਨੇ ਕਿਹਾਕਿ ਅਸੀਂ ਉਹ ਲੈਟਰ ਜਨਤਕ ਕਰਾਂਗੇ, ਜਿਸ ਨਾਲ ਪੂਰੀ ਗੱਲ ਸਪੱਸ਼ਟ ਹੋ ਜਾਵੇਗੀ। ਚਲਾਮੇਸ਼ਵਰ ਨੇ ਕਿਹਾ,''20 ਸਾਲ ਬਾਅਦ ਕੋਈ ਇਹ ਨਾ ਕਹੇ ਕਿ ਅਸੀਂ ਆਪਣੀ ਆਤਮਾ ਵੇਚ ਦਿੱਤੀ ਹੈ। ਇਸ ਲਈ ਅਸੀਂ ਮੀਡੀਆ ਨਾਲ ਗੱਲ ਕਰਨ ਦਾ ਫੈਸਲਾ ਕੀਤਾ।'' ਚਲਾਮੇਸ਼ਵਰ ਨੇ ਕਿਹਾ ਕਿ ਭਾਰਤ ਸਮੇਤ ਕਿਸੇ ਵੀ ਦੇਸ਼ 'ਚ ਲੋਕਤੰਤਰ ਨੂੰ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਵਰਗੀ ਸੰਸਥਾ ਸਹੀ ਢੰਗ ਨਾਲ ਕੰਮ ਕਰੇ।
ਚਲਾਮੇਸ਼ਵਰ ਨੇ ਕਿਹਾ ਕਿ ਸਾਡੇ ਪੱਤਰ 'ਤੇ ਹੁਣ ਰਾਸ਼ਟਰ ਨੇ ਵਿਚਾਰ ਕਰਨਾ ਹੈ ਕਿ ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਜਸਟਿਸ ਚਲਾਮੇਸ਼ਵਰ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਨਹੀਂ ਹੈ ਕਿ ਸਾਨੂੰ ਪ੍ਰੈੱਸ ਕਾਨਫਰੰਸ ਬੁਲਾਉਣੀ ਪਈ ਹੈ। ਸੁਪਰੀਮ ਕੋਰਟ ਦਾ ਪ੍ਰਸ਼ਾਸਨ ਸਹੀ ਤਰ੍ਹਾਂ ਨਹੀਂ ਚੱਲ ਰਿਹਾ ਹੈ। ਬੀਤੇ ਕੁਝ ਮਹੀਨਿਆਂ 'ਚ ਉਹ ਚੀਜ਼ਾਂ ਹੋਈਆਂ ਹਨ, ਜੋ ਨਹੀਂ ਹੋਣੀਆਂ ਚਾਹੀਦੀਆਂ ਸਨ।
ਮੀਡੀਆ ਨਾਲ ਸਰਵਉੱਚ ਅਦਾਲਤ ਦੇ ਜੱਜਾਂ ਦੀ ਇਹ ਗੱਲਬਾਤ ਆਪਣੇ ਆਪ 'ਚ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਹੈ। ਆਮ ਤੌਰ 'ਤੇ ਜੱਜ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੇ ਹਨ ਅਤੇ ਜਨਤਕ ਤੌਰ 'ਤੇ ਅਦਾਲਤ ਦਾ ਪੱਖ ਚੀਫ ਜਸਟਿਸ ਹੀ ਰੱਖਦੇ ਰਹੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਦੂਜੇ ਨੰਬਰ ਦੇ ਸੀਨੀਅਰ ਜੱਜ ਜਸਟਿਸ ਚਲਾਮੇਸ਼ਵਰ ਦਰਮਿਆਨ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਰਹੇ ਹਨ।
ਮੋਦੀ ਨੇ ਬੁਲਾਈ ਬੈਠਕ
ਸੁਪਰੀਮ ਕੋਰਟ ਦੇ ਜੱਜਾਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਪੀ.ਪੀ. ਚੌਧਰੀ ਨੂੰ ਬੁਲਾਇਆ ਹੈ।


Related News