3841 ਕਸ਼ਮੀਰੀ ਪ੍ਰਵਾਸੀ ਨੌਜਵਾਨ ਪਰਤੇ ਕਸ਼ਮੀਰ, ਵੱਖ-ਵੱਖ ਜ਼ਿਲ੍ਹਿਆਂ 'ਚ 1997 ਨੂੰ ਮਿਲੀਆਂ ਨੌਕਰੀਆਂ
Friday, Jul 30, 2021 - 12:11 PM (IST)
ਨਵੀਂ ਦਿੱਲੀ- ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਕਸ਼ਮੀਰੀ ਪੰਡਿਤ ਖੁਦ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਦੇ ਮੁੜ ਵਸੇਬਾ ਪੈਕੇਜ ਅਧੀਨ 3841 ਕਸ਼ਮੀਰੀ ਪ੍ਰਵਾਸੀ ਨੌਜਵਾਨ ਕਸ਼ਮੀਰ ਵਾਪਸ ਆਏ ਹਨ। ਉਨ੍ਹਾਂ ਨੂੰ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨੌਕਰੀਆਂ ਮਿਲੀਆਂ ਹਨ। ਅਪ੍ਰੈਲ 2021 'ਚ ਇਸ ਨੂੰ ਪੈਕੇਜ ਅਧੀਨ 1997 ਹੋਰ ਨੌਜਵਾਨਾਂ ਨੂੰ ਨੌਕਰੀਆਂ ਲਈ ਚੁਣਿਆ ਗਿਆ ਹੈ। ਉਹ ਜਲਦੀ ਹੀ ਕਸ਼ਮੀਰ ਚਲੇ ਜਾਣਗੇ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਜੰਮੂ ਕਸ਼ਮੀਰ ਸਰਕਾਰ ਵਲੋਂ ਸਾਲ 1990 'ਚ ਸਥਾਪਤ ਰਾਹਤ ਦਫ਼ਤਰ ਦੀ ਰਿਪੋਰਟ ਅਨੁਸਾਰ ਅਜਿਹੇ 44167 ਕਸ਼ਮੀਰੀ ਪ੍ਰਵਾਸੀ ਪਰਿਵਾਰ ਰਜਿਸਟਰਡ ਹਨ, ਜਿਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਾਰਨ 1990 'ਚ ਕਸ਼ਮੀਰਵਾਦੀ ਨੂੰ ਛੱਡਣਾ ਪਿਆ ਸੀ।
ਇਨ੍ਹਾਂ 'ਚੋਂ ਰਜਿਸਟਰਡ ਪ੍ਰਵਾਸੀ ਹਿੰਦੂ ਪਰਿਵਾਰਾਂ ਦੀ ਗਿਣਤੀ 39,782 ਹੈ। 26,684 ਕਸ਼ਮੀਰੀ ਪ੍ਰਵਾਸੀ ਨੌਜਵਾਨਾਂ ਨੇ ਜੰਮੂ ਕਸ਼ਮੀਰ ਸਿਲੈਕਸ਼ਨ ਬੋਰਡ ਵਲੋਂ ਦਸੰਬਰ 2020 'ਚ ਵਿਗਿਆਪਤ 1997 ਅਸਾਮੀਆਂ ਲਈ ਅਰਜ਼ੀਆਂ ਦੇ ਕੇ ਵਾਦੀ 'ਚ ਵਾਪਸ ਆਉਣ ਸੰਬੰਧੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਸ਼ਮੀਰ ਵਾਪਸ ਆਏ ਇਨ੍ਹਾਂ ਪ੍ਰਵਾਸੀਆਂ ਲਈ ਰਿਹਾਇਸ਼ੀ ਮਕਾਨ ਮੁਹੱਈਆ ਕਰਵਾਉਣ ਸੰਬੰਧੀ ਇਕ ਵਿਸ਼ਾਲ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਲਈ 6 ਹਜ਼ਾਰ ਮਕਾਨ ਤੇਜ਼ੀ ਨਾਲ ਬਣਾਏ ਜਾ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਵਲੋਂ 1 ਹਜ਼ਾਰ ਮਕਾਨਾਂ ਦੀ ਵਰਤੋਂ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ। ਰਾਏ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਅਤੇ ਡੋਗਰਾ ਹਿੰਦੂ ਪਰਿਵਾਰਾਂ ਸਮੇਤ ਅਜਿਹੇ 900 ਪਰਿਵਾਰ ਇਸ ਸਮੇਂ ਕਸ਼ਮੀਰ 'ਚ ਰਹਿ ਰਹੇ ਹਨ। ਸਰਕਾਰ ਨੇ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਲੋੜੀਦੇਂ ਕਦਮ ਚੁੱਕੇ ਹਨ। ਇਨ੍ਹਾਂ ਕਦਮਾਂ 'ਚ ਅੱਤਵਾਦੀਆਂ ਵਿਰੁੱਧ ਚੌਕਸੀ ਆਪਰੇਸ਼ਨ, ਅੱਤਵਾਦੀਆਂ ਦੇ ਹਮਾਇਤੀਆਂ ਦੀ ਪਛਾਣ, ਉਨ੍ਹਾਂ ਦੀ ਗ੍ਰਿਫ਼ਤਾਰੀ, ਪਾਬੰਦੀਸ਼ੁਦਾ ਸੰਗਠਨਾਂ ਦੇ ਮੈਂਬਰਾਂ ਵਿਰੁੱਧ ਕਾਰਵਾਈ, ਨਾਕਿਆਂ 'ਤੇ ਰਾਤ ਸਮੇਂ ਪੈਟਰੋਲਿੰਗ ਅਤੇ ਚੈਕਿੰਗ ਵਧਾਉਣੀ ਅਤੇ ਉੱਚ ਪੱਧਰ ਦੀ ਚੌਕਸੀ ਬਣਾਈ ਰੱਖਣੀ ਆਦਿ ਸ਼ਾਮਲ ਹੈ।
ਇਹ ਵੀ ਪੜ੍ਹੋ : ਹਿਮਾਚਲ ਹਾਦਸਾ : ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ