ਬਿਹਾਰ ''ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 37 ਲੋਕਾਂ ਦੀ ਮੌਤ
Monday, Mar 21, 2022 - 12:11 PM (IST)
ਪਟਨਾ (ਭਾਸ਼ਾ)- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦਾ ਸਿਲਸਿਲਾ ਜਾਰੀ ਹੈ। ਬਿਹਾਰ ਪੁਲਸ ਦੇ ਇਕ ਅਧਿਕਾਰੀ ਅਨੁਸਾਰ, ਹੋਲੀ ਦੇ ਦਿਨ ਤੋਂ ਹੁਣ ਤੱਕ ਬਿਹਾਰ ਦੇ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 37 ਲੋਕਾਂ ਦੀ ਮੌਤ ਹੋ ਚੁਕੀ ਹੈ। ਸਭ ਤੋਂ ਜ਼ਿਆਦਾ ਮੌਤਾਂ ਭਾਗਲਪੁਰ ਜ਼ਿਲ੍ਹੇ 'ਚ ਹੋਈਆਂ, ਜਿੱਥੇ ਸ਼ਨੀਵਾਰ ਸਵੇਰੇ ਤੋਂ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਇਲਾਵਾ ਬਾਂਕਾ ਜ਼ਿਲ੍ਹੇ 'ਚ 12 ਅਤੇ ਮਧੇਪੁਰਾ 'ਚ 3 ਲੋਕਾਂ ਦੀ ਜਾਨ ਚੱਲੀ ਗਈ। ਹਾਲਾਂਕਿ ਬਿਹਾਰ ਪੁਲਸ ਦਾ ਦਾਅਵਾ ਹੈ ਕਿ ਇਹ ਰਹੱਸਮਈ ਮੌਤਾਂ ਹਨ ਅਤੇ ਮੌਤਾਂ ਦੇ ਅਸਲ ਕਾਰਨਾਂ ਦੀ ਪਛਾਣ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਸੜਕ 'ਤੇ ਦੌੜਦੇ ਨੌਜਵਾਨ ਦਾ ਵੀਡੀਓ ਵਾਇਰਲ, ਵਜ੍ਹਾ ਜਾਣ ਜਜ਼ਬੇ ਨੂੰ ਕਰੋਗੇ ਸਲਾਮ
ਐਡੀਸ਼ਨਲ ਜਨਰਲ ਡਾਇਰੈਕਟਰ (ਹੈੱਡ ਕੁਆਰਟਰ) ਜਿਤੇਂਦਰ ਗੰਗਵਾਰ ਨੇ ਕਿਹਾ,''ਸ਼ੁਰਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਸੀ, ਜਦੋਂ ਕਿ ਹੋਰ ਕਿਸੇ ਤਰ੍ਹਾਂ ਦੀ ਬੀਮਾਰੀ ਨਾਲ ਪੀੜਤ ਸਨ। ਅਸੀਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।'' ਗੰਗਵਾਰ ਨੇ ਕਿਹਾ,''ਅਸੀਂ ਸੰਬੰਧਤ ਜ਼ਿਲ੍ਹਿਆਂ ਦੇ ਐੱਸ.ਪੀ. ਨੂੰ ਮੌਤ ਦੀਆਂ ਘਟਨਾਵਾਂ ਦੀ ਜਾਂਚ ਕਰਨ ਅਤੇ ਜਲਦ ਤੋਂ ਜਲਦ ਰਿਪੋਰਟ ਹੈੱਡ ਕੁਆਰਟਰ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਹੈ।'' ਮ੍ਰਿਤਕਾਂ ਦੇ ਪਰਿਵਾਰਾਂ ਦਾ ਦਾਅਵਾ ਹੈ ਕਿ ਹੋਲੀ ਮੌਕੇ ਸ਼ੁੱਕਰਵਾਰ ਸ਼ਾਮ ਅਤੇ ਸ਼ਨੀਵਾਰ ਸਵੇਰੇ ਉਨ੍ਹਾਂ ਨੇ ਸ਼ਰਾਬ ਦਾ ਸੇਵਨ ਕੀਤਾ ਅਤੇ ਉਸ ਦੇ ਬਾਅਦ ਤੋਂ ਉਨ੍ਹਾਂ ਦੀ ਸਿਹਤ ਵਿਗੜ ਗਈ। ਮ੍ਰਿਤਕਾਂ ਨੇ ਢਿੱਡ ਦਰਦ, ਉਲਟੀ ਅਤੇ ਦਸਤ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਸਾਰਿਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ