ਲਾਕਡਾਊਨ ''ਚ ਮਜ਼ਦੂਰਾਂ ਦਾ ਸਹਾਰਾ ਬਣੀਆਂ ''ਸਪੈਸ਼ਲ ਟਰੇਨਾਂ'', 32 ਲੱਖ ਪ੍ਰਵਾਸੀ ਪੁੱਜੇ ਆਪਣੇ ਘਰ

05/23/2020 5:45:15 PM

ਨਵੀਂ ਦਿੱਲੀ (ਭਾਸ਼ਾ)— ਰੇਲਵੇ ਨੇ ਇਕ ਮਈ ਤੋਂ ਹੁਣ ਤੱਕ 2,570 ਮਜ਼ਦੂਰ ਸਪੈਸ਼ਲ ਟਰੇਨਾਂ ਤੋਂ 32 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਹੈ। ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਮਜ਼ਦੂਰ ਸਪੈਸ਼ਲ ਟਰੇਨਾਂ ਮੁੱਖ ਰੂਪ ਨਾਲ ਸੂਬਿਆਂ ਦੀ ਬੇਨਤੀ 'ਤੇ ਚਲਾਈਆਂ ਜਾ ਰਹੀਆਂ ਹਨ, ਜੋ ਕਿ ਲਾਕਡਾਊਨ ਕਾਰਨ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਤੱਕ ਭੇਜਣਾ ਚਾਹੁੰਦੇ ਹਨ। ਰੇਲਵੇ ਇਨ੍ਹਾਂ ਟਰੇਨਾਂ ਨੂੰ ਚਲਾਉਣ ਦੇ ਕੁੱਲ ਖਰਚ ਦਾ 85 ਫੀਸਦੀ ਖਰਚ ਖੁਦ ਕਰ ਰਿਹਾ ਹੈ ਅਤੇ ਬਾਕੀ ਰਾਸ਼ੀ ਸੂਬੇ ਦੇ ਰਹੇ ਹਨ। 

ਕੁੱਲ 2,570 ਟਰੇਨਾਂ 'ਚੋਂ 505 ਟਰੇਨਾਂ ਆਪਣੀ ਮੰਜ਼ਲ ਤੱਕ ਅਜੇ ਨਹੀਂ ਪਹੁੰਚੀਆਂ ਹਨ, ਬਾਕੀ 2,065 ਟਰੇਨਾਂ ਨੇ ਆਪਣੀਆਂ ਯਾਤਰਾ ਪੂਰੀ ਕਰ ਲਈ ਹੈ। ਰੇਲਵੇ ਦੇ ਅੰਕੜਿਆਂ ਮੁਤਾਬਕ ਉੱਤਰ ਪ੍ਰਦੇਸ਼ 'ਚ ਸਭ ਤੋਂ ਵਧੇਰੇ 1,246 ਮਜ਼ਦੂਰ ਸਪੈਸ਼ਲ ਟਰੇਨਾਂ ਪਹੁੰਚੀਆਂ ਹਨ, ਇਸ ਤੋਂ ਬਾਅਦ ਬਿਹਾਰ 'ਚ 804 ਅਤੇ ਝਾਰਖੰਡ 'ਚ 124 ਟਰੇਨਾਂ ਪਹੁੰਚੀਆਂ ਹਨ।  ਉੱਥੇ ਹੀ ਗੁਜਰਾਤ ਨੇ 759, ਮਹਾਰਾਸ਼ਟਰ ਨੇ 483 ਅਤੇ ਪੰਜਾਬ ਨੇ 291 ਮਜ਼ਦੂਰ ਸਪੈਸ਼ਲ ਟਰੇਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਰਵਾਨਾ ਕੀਤਾ ਹੈ। 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੈਦਲ, ਸਾਈਕਲਾਂ ਅਤੇ ਹੋਰ ਸਾਧਨਾਂ ਤੋਂ ਆਪਣੇ ਘਰਾਂ ਲਈ ਰਵਾਨਾ ਹੋਣ ਲੱਗੇ ਸਨ। ਵੱਖ-ਵੱਖ ਸੜਕ ਹਾਦਸਿਆਂ 'ਚ ਕਈ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਬਾਅਦ ਰੇਲਵੇ ਨੇ ਇਕ ਮਈ ਤੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਤੱਕ ਪਹੁੰਚਾਉਣ ਲਈ ਮਜ਼ਦੂਰ ਸਪੈਸ਼ਲ ਟਰੇਨਾਂ ਸ਼ੁਰੂ ਕੀਤੀਆਂ।


Tanu

Content Editor

Related News