ਵੱਡਾ ਹਾਦਸਾ; ਫੂਡ ਪ੍ਰੋਸੈਸਿੰਗ ਯੂਨਿਟ ''ਚ ਅਮੋਨੀਆ ਗੈਸ ਲੀਕ ਹੋਣ ਕਾਰਨ ਬੇਹੋਸ਼ ਹੋਏ 30 ਲੋਕ
Saturday, Jul 20, 2024 - 03:01 PM (IST)
ਥੂਥੁਕੁਡੀ- ਤਾਮਿਲਨਾਡੂ ਦੇ ਥੂਥੂਕੁਡੀ ਜ਼ਿਲ੍ਹੇ ਦੇ ਪੁਦੂਰ ਪੰਡੀਆਪੁਰਮ 'ਚ ਸ਼ੁੱਕਰਵਾਰ ਦੇਰ ਰਾਤ ਨੂੰ ਇਕ ਨਿੱਜੀ ਸਮੁੰਦਰੀ ਫੂਡ ਪ੍ਰੋਸੈਸਿੰਗ ਯੂਨਿਟ ਦੇ ਕੋਲਡ ਸਟੋਰੇਜ ਯੂਨਿਟ 'ਚੋਂ ਅਮੋਨੀਆ ਗੈਸ ਲੀਕ ਹੋਣ ਕਾਰਨ 30 ਲੋਕ ਬੀਮਾਰ ਹੋ ਗਏ ਅਤੇ ਉਨ੍ਹਾਂ 'ਚੋਂ ਕਈਆਂ ਦਾ ਦਮ ਘੁੱਟਣ ਲੱਗਾ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਿਦੇਸ਼ਾਂ ਵਿਚ ਪ੍ਰੋਸੈਸਡ ਸਮੁੰਦਰੀ ਭੋਜਨ ਦਾ ਨਿਰਯਾਤ ਕਰਨ ਵਾਲੀ 'ਨੀਲਾ ਸੀ ਫੂਡਜ਼ ਪ੍ਰਾਈਵੇਟ ਲਿਮਟਿਡ' ਵਿਚ ਗੈਸ ਲੀਕ ਹੋਣ ਤੋਂ ਬਾਅਦ ਲਗਭਗ 29 ਕਾਮਿਆਂ ਨੇ ਸਾਹ ਲੈਣ 'ਚ ਤਕਲੀਫ਼ ਅਤੇ ਉਲਟੀ ਦੀ ਸ਼ਿਕਾਇਤ ਕੀਤੀ। ਉਨ੍ਹਾਂ ਵਿਚੋਂ ਕਈ ਬੇਹੋਸ਼ ਹੋ ਗਏ। ਪ੍ਰਭਾਵਿਤਾਂ ਵਿਚ ਓਡੀਸ਼ਾ ਦੀਆਂ 16 ਮਹਿਲਾ ਕਰਮੀ ਸ਼ਾਮਲ ਹਨ।
ਪ੍ਰਭਾਵਿਤ ਕਰਮੀਆਂ ਨੂੰ ਕੱਢਣ ਲਈ ਯੂਨਿਟ ਵਿਚ ਪਹੁੰਚੇ ਤਾਮਿਲਨਾਡੂ ਫਾਇਰ ਅਤੇ ਰੈਸਕਿਊ ਸੇਵਾ ਵਿਭਾਗ ਦੇ ਇਕ ਕਰਮੀ ਨੂੰ ਵੀ ਸਾਹ ਲੈਣ ਵਿਚ ਤਕਲੀਫ਼ ਹੋਈ। ਬੀਮਾਰ ਲੋਕਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਨੇ ਇੰਡਸਟਰੀਅਲ ਸੇਫਟੀ ਇੰਸਪੈਕਟਰ, ਡਿਵੀਜ਼ਨਲ ਫਾਇਰ ਅਫਸਰ ਅਤੇ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ, ਜਿਸ ਦੇ ਆਧਾਰ 'ਤੇ ਕੰਪਨੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਥਲਾਮੁਥੂ ਨਗਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ 5 ਜੂਨ 2014 ਨੂੰ ਵੀ ਇਸੇ ਕੰਪਨੀ ਵਿਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ, ਜਿਸ ਵਿਚ 50 ਤੋਂ ਵੱਧ ਮਜ਼ਦੂਰਾਂ ਨੂੰ ਸਾਹ ਲੈਣ 'ਚ ਤਕਲੀਫ਼ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।