ਸ਼ਿਵਰਾਜ ਦੀ ਆਡੀਓ ''ਤੇ ਵਿਵਾਦ, ਇੰਦੌਰ ''ਚ ਪ੍ਰਦਰਸ਼ਨ ਕਰ ਰਹੇ 30 ਕਾਂਗਰਸੀ ਨੇਤਾ ਗ੍ਰਿਫਤਾਰ
Friday, Jun 12, 2020 - 10:21 PM (IST)
ਇੰਦੌਰ (ਭਾਸ਼ਾ): ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕਥਿਤ ਭਾਸ਼ਣ ਦੀ ਆਡੀਓ-ਵੀਡੀਓ ਕਲਿੱਪ ਨੂੰ ਲੈ ਕੇ ਧਰਨਾ-ਪ੍ਰਦਰਸ਼ਨ ਦੀ ਕੋਸ਼ਿਸ਼ ਕਰ ਰਹੇ ਸ਼ਹਿਰ ਕਾਂਗਰਸ ਪ੍ਰਧਾਨ ਸਣੇ ਤਕਰੀਬਨ 30 ਪਾਰਟੀ ਨੇਤਾਵਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਗੈਰ-ਪ੍ਰਮਾਣਿਤ ਕਲਿੱਪਾਂ ਦੇ ਹਵਾਲੇ ਨਾਲ ਕਾਂਗਰਸ ਦੋਸ਼ ਲਾ ਰਹੀ ਹੈ ਕਿ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਭਾਜਪਾ ਦੀ ਕੇਂਦਰੀ ਅਗਵਾਈ ਦੇ ਇਸ਼ਾਰੇ 'ਤੇ ਡੇਗੀ ਗਈ ਸੀ।
ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਕਾਂਗਰਸੀ ਨੇਤਾਵਾਂ ਨੂੰ ਪਹਿਲਾਂ ਹੀ ਲਿਖਿਤ ਵਿਚ ਸੂਚਿਤ ਕਰ ਦਿੱਤਾ ਗਿਆ ਸੀ ਕਿ ਕੋਵਿਡ-19 ਦੇ ਕਹਿਰ ਦੇ ਚੱਲਦੇ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸ ਦੇ ਬਾਵਜੂਦ ਕਾਂਗਰਸੀ ਨੇਤਾ ਪਾਰਟੀ ਦੇ ਸ਼ਹਿਰ ਪ੍ਰਧਾਨ ਵਿਨੈ ਬਾਕਲੀਵਾਲ ਦੀ ਅਗਵਾਈ ਵਿਚ ਕਲੈਕਟ੍ਰੇਟ ਭਵਨ ਦੇ ਸਾਹਮਣੇ ਸੜਕ 'ਤੇ ਬੈਠਕੇ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਬਾਕਲੀਵਾਲ ਸਣੇ ਕਾਂਗਰਸ ਦੇ 30 ਨੇਤਾਵਾਂ ਨੂੰ ਕਲੈਕਟ੍ਰੇਟ ਭਵਨ ਦੇ ਸਾਹਮਣਿਓਂ ਗ੍ਰਿਫਤਾਰ ਕਰ ਜ਼ਿਲਾ ਜੇਲ ਲਿਜਾਇਆ ਗਿਆ। ਗ੍ਰਿਫਤਾਰ ਕਾਂਗਰਸੀ ਨੇਤਾਵਾਂ ਨੂੰ ਬਾਅਦ ਵਿਚ ਨਿੱਜੀ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ।