ਬਿਨਾਂ ਛੁੱਟੀ ਦੋਸਤ ਦੇ ਵਿਆਹ ''ਚ ਜਾਣਾ 3 ਪੁਲਸ ਵਾਲਿਆਂ ਨੂੰ ਪਿਆ ਮਹਿੰਗਾ, ਲਗਾਉਣੀ ਪਈ 5 ਕਿਲੋਮੀਟਰ ਦੌੜ
Friday, May 28, 2021 - 06:52 PM (IST)
ਲਖਨਊ- ਬਿਨਾਂ ਛੁੱਟੀ ਲਏ ਦੋਸਤ ਦੇ ਵਿਆਹ 'ਚ ਜਾਣਾ ਗੋਮਤੀਨਗਰ ਪੁਲਸ ਥਾਣੇ ਦੇ ਤਿੰਨ ਪੁਲਸ ਮੁਲਾਜ਼ਮਾਂ ਨੂੰ ਮਹਿੰਗਾ ਪੈ ਗਿਆ। ਉਨ੍ਹਾਂ ਨੂੰ ਸਜ਼ਾ ਦੇ ਤੌਰ 'ਤੇ ਸ਼ੁੱਕਰਵਾਰ ਸਵੇਰੇ-ਸਵੇਰੇ 5-5 ਕਿਲੋਮੀਟਰ ਦੀ ਦੌੜ ਲਗਾਉਣੀ ਪਈ। ਪੁਲਸ ਡਿਪਟੀ ਕਮਿਸ਼ਨਰ ਸੰਜੀਵ ਸੁਮਨ ਨੇ ਦੱਸਿਆ ਕਿ ਗੋਮਤੀਨਗਰ ਪੁਲਸ ਥਾਣੇ 'ਚ ਤਾਇਨਾਤ ਆਰਕਸ਼ੀ ਲਕਸ਼ਮੀ ਨਾਰਾਇਣ, ਅਨਿਲ ਯਾਦਵ ਅਤੇ ਆਸ਼ੂਤੋਸ਼ ਯਾਦਵ ਨੇ ਸ਼ੁੱਕਰਵਾਰ ਸਵੇਰੇ ਪੁਲਸ ਲਾਈਨਜ਼ 'ਚ ਸਵੇਰੇ 6 ਵਜੇ 5-5 ਕਿਲੋਮੀਟਰ ਦੀ ਦੌੜ ਲਗਾਈ ਅਤੇ ਇਹ ਦੌੜ ਕਰੀਬ ਅੱਧੇ ਘੰਟੇ 'ਚ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਬਿਨਾਂ ਅਧਿਕਾਰੀਆਂ ਨੂੰ ਸੂਚਿਤ ਕੀਤੇ ਅਤੇ ਬਿਨਾਂ ਛੁੱਟੀ ਲਏ ਇਹ ਤਿੰਨੋਂ ਪੁਲਸ ਮੁਲਾਜ਼ਮ ਆਪਣੀ ਇਕ ਸਾਥੀ ਪੁਲਸ ਮੁਲਾਜ਼ਮ ਓਮਕਾਰ ਪਟੇਲ ਦੇ ਵਿਆਹ 'ਚ ਸ਼ਾਮਲ ਹੋਣ 29 ਅਪ੍ਰੈਲ ਨੂੰ ਵਾਰਾਣਸੀ ਗਏ ਸ਼ਨ ਅਤੇ ਇਕ ਦਿਨ ਬਾਅਦ ਵਾਪਸ ਆ ਗਏ ਸਨ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਲ 'ਚ ਇਸ ਤਰ੍ਹਾਂ ਬਿਨਾਂ ਛੁੱਟੀ ਅਤੇ ਬਿਨਾਂ ਅਧਿਕਾਰੀਆਂ ਦੀ ਜਾਣਕਾਰੀ ਦੇ ਇਸ ਤਰ੍ਹਾਂ ਗਾਇਬ ਹੋਣਾ, ਅਨੁਸ਼ਾਸਨਹੀਣਤਾ ਦੀ ਸ਼੍ਰੇਣੀ 'ਚ ਆਉਂਦਾ ਹੈ। ਸੁਮਨ ਅਨੁਸਾਰ ਇਨ੍ਹਾਂ ਲੋਕਾਂ ਨੂੰ ਵਾਪਸ ਆਉਣ 'ਤੇ ਜਦੋਂ ਗਾਇਬ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਇਨ੍ਹਾਂ ਲੋਕਾਂ ਨੇ ਸਾਥੀ ਪੁਲਸ ਮੁਲਾਜ਼ਮ ਦੇ ਵਿਆਹ 'ਚ ਵਾਰਾਣਸੀ ਜਾਣ ਦੀ ਗੱਲ ਕਹੀ, ਜਿਸ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਹੀ ਪਾਈ ਗਈ। ਪੁਲਸ ਦੇ ਉੱਚ ਅਧਿਕਾਰੀਆਂ ਨੇ ਇਸ 'ਤੇ ਨਾਰਾਜ਼ਗੀ ਜਤਾਈ ਅਤੇ ਸਜ਼ਾ ਦੇ ਤੌਰ 'ਤੇ ਇਨ੍ਹਾਂ ਤਿੰਨਾਂ ਨੂੰ ਸ਼ੁੱਕਰਵਾਰ ਸਵੇਰੇ ਪੁਲਸ ਲਾਈਨਜ਼ 'ਚ ਦੌੜ ਲਗਾਉਣ ਦੀ ਸਜ਼ਾ ਦਿੱਤੀ ਗਈ, ਜੋ ਇਨ੍ਹਾਂ ਤਿੰਨਾਂ ਨੇ ਪੂਰੀ ਕਰ ਲਈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਨੂੰ ਭਵਿੱਖ 'ਚ ਇਸ ਤਰ੍ਹਾਂ ਬਿਨਾਂ ਦੱਸੇ ਗਾਇਬ ਨਾ ਹੋਣ ਦੀ ਚਿਤਾਵਨੀ ਵੀ ਦਿੱਤੀ ਗਈ।