ਰਾਜਸਥਾਨ ’ਚ ਕੈਬਨਿਟ ਵਿਸਤਾਰ ਤੋਂ ਪਹਿਲਾਂ 3 ਮੰਤਰੀਆਂ ਦੇ ਅਸਤੀਫੇ
Saturday, Nov 20, 2021 - 02:33 AM (IST)
ਜੈਪੁਰ - ਗਹਿਲੋਤ ਕੈਬਨਿਟ ਦੇ ਵਿਸਥਾਰ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਗਹਿਲੋਤ ਸਰਕਾਰ ਦੇ 3 ਕੈਬਨਿਟ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ, ਸਿੱਖਿਆ ਮੰਤਰੀ ਗੋਵਿੰਦ ਡੋਟਾਸਰਾ ਅਤੇ ਮੈਡੀਕਲ ਤੇ ਸਿਹਤ ਮੰਤਰੀ ਰਘੁ ਸ਼ਰਮਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਅਸਤੀਫੇ ਭੇਜ ਦਿੱਤੇ ਹਨ। 21 ਜਾਂ 22 ਨਵੰਬਰ ਨੂੰ ਮੰਤਰੀਆਂ ਦਾ ਸਹੁੰ ਚੁੱਕ ਪ੍ਰੋਗਰਾਮ ਹੋ ਸਕਦਾ ਹੈ, ਜਿਸ ਤੋਂ ਪਹਿਲਾਂ ਇਹ ਅਸਤੀਫੇ ਹੋਏ ਹਨ। ਅਸ਼ੋਕ ਗਹਿਲੋਤ ਸਰਕਾਰ ’ਚ ਮੰਤਰੀ ਰਘੁ ਸ਼ਰਮਾ, ਹਰੀਸ਼ ਚੌਧਰੀ ਅਤੇ ਗੋਵਿੰਦ ਡੋਟਾਸਰਾ ਦੇ ਕੋਲ ਕਾਂਗਰਸ ਸੰਗਠਨ ’ਚ ਵੀ ਵੱਡੇ ਅਹੁਦੇ ਹਨ। ਗੋਵਿੰਦ ਡੋਟਾਸਰਾ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਹਨ। ਰਘੁ ਸ਼ਰਮਾ ਗੁਜਰਾਤ ਕਾਂਗਰਸ ਦੇ ਇੰਚਾਰਜ ਹਨ ਤਾਂ ਹਰੀਸ਼ ਚੌਧਰੀ ਨੂੰ ਕੁਝ ਦਿਨ ਪਹਿਲਾਂ ਹੀ ਪਾਰਟੀ ਹਾਈ ਕਮਾਨ ਨੇ ਹਰੀਸ਼ ਰਾਵਤ ਨੂੰ ਹਟਾ ਕੇ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਹੈ। ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਹੁਣ ਇਹ ਸੰਗਠਨ ’ਚ ਹੀ ਪੂਰੀ ਤਰ੍ਹਾਂ ਕੰਮ ਕਰਨਗੇ। ਕਾਂਗਰਸ ਨੇਤਾ ਅਜੇ ਮਾਕਨ ਨੇ ਦੱਸਿਆ ਕਿ ਉਕਤ ਤਿੰਨਾਂ ਮੰਤਰੀਆਂ ਨੇ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਮੰਤਰੀ ਦਾ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ ਸੀ, ਕਿਉਂਕਿ ਇਹ ਤਿੰਨੇ ਪੂਰੀ ਤਰ੍ਹਾਂ ਸੰਗਠਨ ਦੇ ਕੰਮ ’ਚ ਜੁਟਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ - ਹੁਣ ਟਰੇਨਾਂ 'ਚ ਮਿਲੇਗਾ ਪਕਾਇਆ ਖਾਣਾ, IRCTC ਨੂੰ ਦਿੱਤਾ ਸੇਵਾ ਸ਼ੁਰੂ ਕਰਨ ਦਾ ਹੁਕਮ
ਦੱਸਣਯੋਗ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਲ ਹੀ ’ਚ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਅਜੇ ਮਾਕਨ ਅਤੇ ਕੇ. ਸੀ. ਵੇਣੁਗੋਪਾਲ ਦੇ ਨਾਲ ਬੈਠਕ ਕੀਤੀ ਸੀ ਤਾਂ ਉਦੋਂ ਸਾਹਮਣੇ ਆਇਆ ਸੀ ਕਿ ਕੈਬਨਿਟ ਵਿਸਤਾਰ ’ਚ ‘ਇਕ ਨੇਤਾ-ਇਕ ਅਹੁਦਾ’ ਦੇ ਫਾਰਮੂਲੇ ਨੂੰ ਅਪਨਾਇਆ ਜਾਵੇਗਾ। ਇਸ ਦੇ ਬਾਅਦ ਤੋਂ ਹੀ ਸੰਗਠਨ ’ਚ ਅਹੁਦਾ ਸੰਭਾਲ ਰਹੇ ਉਕਤ 3 ਮੰਤਰੀਆਂ ਦਾ ਅਹੁਦੇ ਤੋਂ ਅਸਤੀਫਾ ਤੈਅ ਮੰਨਿਆ ਜਾ ਰਿਹਾ ਸੀ। ਇਸ ਅਸਤੀਫੋਂ ਤੋਂ ਬਾਅਦ ਕੈਬਨਿਟ ’ਚ 12 ਅਹੁਦੇ ਖਾਲੀ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਅਹੁਦਿਆਂ ’ਤੇ ਸਚਿਨ ਪਾਇਲਟ ਖੇਮੇ ਦੇ 4 ਤੋਂ 5 ਲੋਕਾਂ ਨੂੰ ਲਿਆ ਜਾ ਸਕਦਾ ਹੈ। ਨਾਲ ਹੀ ਇਕ ਆਜ਼ਾਦ ਵਿਧਾਇਕ ਨੂੰ ਵੀ ਮੰਤਰੀ ਬਣਾਉਣ ਦੀ ਚਰਚਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।