3 ਕਿ. ਮੀ. ਪਿੱਛੇ ਹਟੇ ਚੀਨੀ ਫੌਜੀ, ਗੋਗਰਾ ਹਾਟ ਸਪ੍ਰਿੰਗਜ਼ ’ਚ ਬਣਾਈ ਸੀ ਵੱਡੀ ਪੋਸਟ

Sunday, Sep 18, 2022 - 10:48 AM (IST)

3 ਕਿ. ਮੀ. ਪਿੱਛੇ ਹਟੇ ਚੀਨੀ ਫੌਜੀ, ਗੋਗਰਾ ਹਾਟ ਸਪ੍ਰਿੰਗਜ਼ ’ਚ ਬਣਾਈ ਸੀ ਵੱਡੀ ਪੋਸਟ

ਨਵੀਂ ਦਿੱਲੀ- ਭਾਰਤ-ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (LAC) ’ਤੇ ਕਬਜ਼ੇ ਨੂੰ ਲੈ ਕੇ ਵਧਿਆ ਤਣਾਅ ਕੁਝ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਪੂਰਬੀ ਲੱਦਾਖ ਦੇ ਗੋਗਰਾ ਹਾਟ ਸਪ੍ਰਿੰਗਜ਼ ਇਲਾਕੇ ਤੋਂ ਭਾਰਤੀ ਅਤੇ ਚੀਨੀ ਫੌਜਾਂ 12 ਸਤੰਬਰ ਨੂੰ ਪੂਰੀ ਤਰ੍ਹਾਂ ਪਿੱਛੇ ਹਟ ਗਈਆਂ ਸਨ। ਹੁਣ ਖ਼ਬਰ ਇਹ ਹੈ ਕਿ ਚੀਨੀ ਫੌਜੀ ਗੋਗਰਾ-ਹਾਟ ਸਪ੍ਰਿੰਗਜ਼ ’ਤੇ ਅਸਲ ਕੰਟਰੋਲ ਰੇਖਾ ਦੇ ਪਾਰ ਆਪਣੇ ਕਬਜ਼ੇ ਵਾਲੇ ਸਥਾਨ ਤੋਂ 3 ਕਿਲੋਮੀਟਰ ਪਿੱਛੇ ਹਟ ਗਈਆਂ ਹਨ। ਇਹ ਜਾਣਕਾਰੀ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਸਾਹਮਣੇ ਆਈ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ ’ਚ ਬਫਰ ਜਾਂ ‘ਨੋ ਮੈਨਜ਼ ਲੈਂਡ’ ਦੀਆਂ ਸਰਹੱਦਾਂ ਨਹੀਂ ਦਿਖਾਈਆਂ ਗਈਆਂ। ਧਿਆਨ ਸਿਰਫ ਚੀਨੀ ਫੌਜੀਆਂ ਦੀ ਸਥਿਤੀ ’ਤੇ ਕੇਂਦਰਿਤ ਹੈ। ਇਹ ਤਸਵੀਰ ਡਿਸ-ਐਨਗੇਜਮੈਂਟ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਨੂੰ ਦਰਸਾਉਂਦੀ ਹੈ।

12 ਅਗਸਤ 2022 ਦੀ ਡਿਸ-ਐਨਗੇਜਮੈਂਟ ਤੋਂ ਪਹਿਲਾਂ ਦੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ ਚੀਨੀ ਫੌਜ ਨੇ ਐੱਲ. ਏ. ਸੀ. ਦੇ ਪਾਰ ਉਸ ਖੇਤਰ ਦੇ ਨੇੜੇ ਜਿੱਥੇ 2020 ਵਿਚ ਚੀਨੀ ਘੁਸਪੈਠ ਤੋਂ ਪਹਿਲਾਂ ਭਾਰਤੀ ਫੌਜ ਨੇ ਗਸ਼ਤ ਕੀਤੀ ਸੀ, ਇੱਕ ਵੱਡੀ ਇਮਾਰਤ ਬਣਾਈ ਸੀ। ਇਮਾਰਤ ਖਾਈ ਨਾਲ ਘਿਰੀ ਹੋਈ ਸੀ ਜੋ ਪੈਦਲ ਫੌਜ ਅਤੇ ਮੋਰਟਾਰ ਦੀ ਸਥਿਤੀ ਲਈ ਤਿਆਰ ਕੀਤੀ ਗਈ ਸੀ। 15 ਅਗਸਤ ਦੀਆਂ ਸੈਟੇਲਾਈਟ ਤਸਵੀਰਾਂ ਨੇ ਦਿਖਾਇਆ ਕਿ ਚੀਨੀ ਫੌਜੀਆਂ ਨੇ ਇਮਾਰਤ ਨੂੰ ਢਾਹ ਦਿੱਤਾ ਅਤੇ ਮਲਬਾ ਸਾਈਟ ਤੋਂ ਉੱਤਰ ਵੱਲ ਲੈ ਗਏ। ਇਕ ਹੋਰ ਤਸਵੀਰ ਦਰਸਾਉਂਦੀ ਹੈ ਕਿ ਚੀਨ ਵਲੋਂ ਖਾਲੀ ਕੀਤੀ ਗਈ ਜਗ੍ਹਾ ’ਤੇ ਜ਼ਮੀਨੀ ਰੂਪ ਦੋਵਾਂ ਪੱਖਾਂ ਵਲੋਂ ਐਲਾਨੇ ਗਏ ਡਿਸ-ਐਨਗੇਜਮੈਂਟ ਦੇ ਸਮਝੌਤੇ ਦੀ ਤਰਜ਼ ’ਤੇ ਬਹਾਲ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਭਾਰਤ-ਚੀਨ ਸਬੰਧ ਅਪ੍ਰੈਲ 2020 ਵਿਚ ਵਿਗੜਨੇ ਸ਼ੁਰੂ ਹੋ ਗਏ ਸਨ। ਅਪ੍ਰੈਲ-ਮਈ 2020 ’ਚ, ਚੀਨ ਨੇ ਪੂਰਬੀ ਲੱਦਾਖ ਖੇਤਰ ’ਚ ਫੌਜੀ ਸਿਖਲਾਈ ਦੇ ਬਹਾਨੇ ਐੱਲ. ਏ. ਸੀ ’ਤੇ ਵੱਡੀ ਮਾਤਰਾ ਵਿਚ ਸੈਨਿਕ ਤਾਇਨਾਤ ਕੀਤੇ। ਫਿਰ ਹੌਲੀ-ਹੌਲੀ ਘੁਸਪੈਠ ਕਰ ਕੇ ਭਾਰਤੀ ਇਲਾਕੇ ਵਿਚ ਵੱਡਾ ਟਿਕਾਣਾ ਬਣਾ ਲਿਆ। ਚੀਨ ਦੀ ਘੁਸਪੈਠ ਨੂੰ ਦੇਖਦੇ ਹੋਏ ਭਾਰਤੀ ਫੌਜ ਨੇ ਵੀ ਆਪਣੀ ਫੋਰਸ ਤਾਇਨਾਤ ਕਰ ਦਿੱਤੀ ਹੈ। ਹਾਲਾਤ ਵੇਖਦੇ ਹੀ ਵੇਖਦੇ ਹੋਰ ਖਰਾਬ ਹੁੰਦੇ ਗਏ। 4 ਦਹਾਕਿਆਂ ਵਿਚ ਪਹਿਲੀ ਵਾਰ ਐੱਲ. ਏ. ਸੀ ’ਤੇ ਗੋਲੀਆਂ ਚਲਾਈਆਂ ਗਈਆਂ। 15 ਜੂਨ ਨੂੰ ਗਲਵਾਨ ਘਾਟੀ 'ਚ ਚੀਨ ਅਤੇ ਭਾਰਤੀ ਫੌਜ ਵਿਚਾਲੇ ਹੋਈ ਹਿੰਸਕ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।


author

Tanu

Content Editor

Related News