ਗੋਕਰਣ ਬੀਚ ''ਤੇ ਵੱਡਾ ਹਾਦਸਾ: ਸਮੁੰਦਰ ''ਚ ਡੁੱਬਣ ਨਾਲ 3 ਇੰਜੀਨੀਅਰਾਂ ਦੀ ਮੌਤ

Tuesday, Nov 03, 2026 - 12:52 AM (IST)

ਗੋਕਰਣ ਬੀਚ ''ਤੇ ਵੱਡਾ ਹਾਦਸਾ: ਸਮੁੰਦਰ ''ਚ ਡੁੱਬਣ ਨਾਲ 3 ਇੰਜੀਨੀਅਰਾਂ ਦੀ ਮੌਤ

ਬੈਂਗਲੁਰੂ : ਕਰਨਾਟਕ ਦੇ ਪ੍ਰਸਿੱਧ ਗੋਕਰਣ ਬੀਚ 'ਤੇ ਛੁੱਟੀਆਂ ਮਨਾਉਣ ਗਏ ਬੈਂਗਲੁਰੂ ਦੀ ਇੱਕ ਕੰਪਨੀ ਦੇ ਤਿੰਨ ਕਰਮਚਾਰੀਆਂ ਦੀ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਸਾਰੇ ਆਈ.ਟੀ. ਕਰਮਚਾਰੀ ਆਪਣੇ 16 ਮੈਂਬਰੀ ਸਾਥੀਆਂ ਦੇ ਸਮੂਹ ਨਾਲ ਗੋਕਰਣ ਘੁੰਮਣ ਆਏ ਹੋਏ ਸਨ। ਹਾਦਸੇ ਦੌਰਾਨ ਪਾਣੀ ਵਿੱਚ ਉਤਰੇ 5 ਕਰਮਚਾਰੀਆਂ ਵਿੱਚੋਂ 2 ਨੂੰ ਲਾਈਫ਼ਗਾਰਡਾਂ ਅਤੇ ਸਥਾਨਕ ਮਛੇਰਿਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ 22 ਸਾਲਾ ਸ਼ੋਭਾ ਦਾਸ ਦੇਵੇਂਦਰਨਾਥ (ਨਿਵਾਸੀ ਝਾਰਖੰਡ), ਮੁਹੰਮਦ ਅਕਰਮ ਇਸਮਾਈਲ ਅਹਿਮਦ ਅਤੇ 24 ਸਾਲਾ ਵਿਸ਼ਵਾ ਏ.ਕੇ. ਵਜੋਂ ਹੋਈ ਹੈ। ਇਹ ਤਿੰਨੋਂ ਬੈਂਗਲੁਰੂ ਦੇ ਬੇਲੰਦੂਰ ਸਥਿਤ 'ਅਲੋਰਿਕਾ ਈਕੋਪੇਸ' ਕੰਪਨੀ ਵਿੱਚ ਕੰਮ ਕਰਦੇ ਸਨ।

ਜਾਣਕਾਰੀ ਮੁਤਾਬਕ ਕੰਪਨੀ ਦੇ 16 ਕਰਮਚਾਰੀਆਂ ਦੀ ਟੀਮ ਸ਼ਨੀਵਾਰ ਸ਼ਾਮ ਨੂੰ ਗੋਕਰਣ ਪਹੁੰਚੀ ਸੀ ਅਤੇ ਸਮੁੰਦਰ ਕੰਢੇ ਸਥਿਤ ਇੱਕ ਨਿੱਜੀ ਰਿਜ਼ੌਰਟ ਵਿੱਚ ਠਹਿਰੀ ਹੋਈ ਸੀ। ਐਤਵਾਰ ਨੂੰ ਟੀਮ ਦੇ 5 ਮੈਂਬਰ ਡੁੱਬਣਸ਼ਸ਼ੀ ਬੀਚ 'ਤੇ ਸਮੁੰਦਰ ਵਿੱਚ ਉਤਰੇ, ਜਿੱਥੇ ਅਚਾਨਕ ਆਈਆਂ ਤੇਜ਼ ਲਹਿਰਾਂ ਉਨ੍ਹਾਂ ਨੂੰ ਡੂੰਘੇ ਪਾਣੀ ਵੱਲ ਬਹਾ ਕੇ ਲੈ ਗਈਆਂ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਲਾਈਫ਼ਗਾਰਡਾਂ ਅਤੇ ਸਥਾਨਕ ਮਛੇਰਿਆਂ ਨੇ ਤੁਰੰਤ ਬਚਾਅ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਨਿਸ਼ਾਂਤ ਡੀ.ਵੀ. ਅਤੇ ਮੁਹੰਮਦ ਕਾਸਿਮ ਨਾਮ ਦੇ ਦੋ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਗੋਕਰਣ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਭੇਜਿਆ ਗਿਆ। ਹਾਲਾਂਕਿ ਬਾਕੀ ਤਿੰਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਉਨ੍ਹਾਂ ਦੀਆਂ ਦੇਹਾਂ ਬਰਾਮਦ ਕੀਤੀਆਂ ਗਈਆਂ। ਗੋਕਰਣ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News