ਹਿਜ਼ਬੁਲ ਦੇ 3 ਸਰਗਰਮ ਵਰਕਰ ਗ੍ਰਿਫਤਾਰ, ਹਥਿਆਰ ਤੇ ਗੋਲੀ-ਸਿੱਕਾ ਬਰਾਮਦ
Saturday, Feb 08, 2020 - 09:50 PM (IST)

ਸ਼੍ਰੀਨਗਰ — ਸ਼੍ਰੀਨਗਰ ਦੇ ਬਡਗਾਮ ਜ਼ਿਲੇ ’ਚ ਪੁਲਸ ਨੇ ਸ਼ਨੀਵਾਰ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ 3 ਵਰਕਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਮਾਡਿਊਲ ਦਾ ਭਾਂਡਾ ਭੰਨਦਿਆਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਬਡਗਾਮ ਵਿਚ ਸ਼ਨੀਵਾਰ ਹਿਜ਼ਬੁਲ ਦੇ ਕੁਝ ਟਿਕਾਣਿਆਂ ’ਤੇ ਛਾਪੇ ਮਾਰੇ। ਆਮਿਰ ਸੈਫੀ, ਸ਼ਬੀਰ ਅਤੇ ਮਦੱਸਿਰ ਅਹਿਮਦ ਨਾਮੀ ਹਿਜ਼ਬੁਲ ਦੇ 3 ਸਰਗਰਮ ਵਰਕਰਾਂ ਨੂੰ ਇਸ ਦੌਰਾਨ ਗ੍ਰਿਫਤਾਰ ਕੀਤਾ ਗਿਆ।
ਉਕਤ ਮੈਂਬਰ ਪਿਛਲੇ ਕਈ ਮਹੀਨਿਆਂ ਤੋਂ ਇਸ ਇਲਾਕੇ ਵਿਚ ਸਰਗਰਮ ਸਨ ਅਤੇ ਕਈ ਭੰਨ-ਤੋੜ ਦੀਆਂ ਸਰਗਰਮੀਆਂ ਵਿਚ ਵੀ ਸ਼ਾਮਲ ਸਨ। ਮੁਲਜ਼ਮਾਂ ਨੇ ਅੱਤਵਾਦੀਆਂ ਨੂੰ ਆਪਣੇ ਘਰਾਂ ਵਿਚ ਲੁਕਾਇਆ ਹੋਇਆ ਸੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਸੀ। ਪੁੱਛਗਿੱਛ ਦੌਰਾਨ ਤਿੰਨਾਂ ਨੇ ਆਪਣੇ ਟਿਕਾਣਿਆਂ ਬਾਰੇ ਦੱਸਿਆ, ਜਿਸ ਪਿੱਛੋਂ ਪੁਲਸ ਨੇ ਉਥੇ ਛਾਪੇ ਮਾਰ ਕੇ ਗੋਲੀ-ਸਿੱਕਾ ਬਰਾਮਦ ਕੀਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਹੋਰਨਾਂ ਵਿਅਕਤੀਆਂ ਨੂੰ ਫੜਨ ਲਈ ਛਾਪੇ ਮਾਰਨੇ ਸ਼ੁਰੂ ਕੀਤੇ ਹਨ।