ਸੰਘਣੀ ਧੁੰਦ ’ਚ ਦਿੱਲੀ ਲਈ ਟਰੈਕਟਰਾਂ ’ਤੇ ਰਵਾਨਾ ਹੋ ਰਹੇ ਕਿਸਾਨ, ਵੇਖੋ ਠਾਠਾ ਮਾਰਦਾ ਜੋਸ਼
Sunday, Jan 24, 2021 - 06:27 PM (IST)
ਮੁਕਤਸਰ ਸਾਹਿਬ/ਨਵੀਂ ਦਿੱਲੀ— ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋਲਨ ਅੱਜ ਯਾਨੀ ਕਿ ਐਤਵਾਰ ਨੂੰ 60ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਗਿਆ ਹੈ। 26 ਜਨਵਰੀ ਦੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ ਸੱਦਾ ਵੀ ਦਿੱਤਾ ਗਿਆ ਹੈ।
ਦਿੱਲੀ ਪੁਲਸ ਨੇ ਕਿਸਾਨਾਂ ਨੂੰ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟਰੈਕਟਰ ਪਰੇਡ 5 ਵੱਖ-ਵੱਖ ਰੂਟਾਂ ’ਤੇ ਹੋਵੇਗੀ। ਦਿੱਲੀ ਪੁਲਸ ਨੇ ਇਹ ਸਾਫ਼ ਕੀਤਾ ਹੈ ਕਿ ਪੁਲਸ ਆਪਣੇ ਬੈਰੀਕੇਡ ਖ਼ੁਦ ਹਟਾਏਗੀ ਪਰ ਹਾਲੇ ਵੀ ਕਿਸਾਨਾਂ ਨੇ ਲਿਖਤੀ ਰੂਪ ’ਚ ਇਸ ਦੀ ਇਜਾਜ਼ਤ ਮੰਗੀ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਕਰੀਬ 3 ਲੱਖ ਟਰੈਕਟਰ ਆਉਣਗੇ।
ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਆਪਣੇ ਟਰੈਕਟਰਾਂ ਨਾਲ ਦਿੱਲੀ ਵੱਲ ਕੂਚ ਕਰ ਰਹੇ ਹਨ। ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ’ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ 84 ਟਰੈਕਟਰਾਂ ਦਾ ਕਾਫ਼ਲਾ ਅੱਜ ਦਿੱਲੀ ਵੱਲ ਕੂਚ ਕਰ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਕਿਹਾ ਗਿਆ ਸੀ ਕਿ ਟਰੈਕਟਰ ਇਕੱਠੇ ਲੈ ਕੇ ਆਉਣੇ ਹਨ। ਸੰਘਣੀ ਧੁੰਦ ’ਚ ਵੀ ਅਸੀਂ ਰੁੱਕੇ ਨਹੀਂ ਹਾਂ। ਕਿਸਾਨਾਂ ਮੁਤਾਬਕ ਸਾਡੇ ਕੋਲ ਰਾਸ਼ਨ-ਪਾਣੀ ਅਤੇ ਟਰੈਕਟਰਾਂ ਦੇ ਔਜਾਰ ਵੀ ਹਨ। ਲੱਗਭਗ 84 ਟਰੈਕਟਰ ਦਿੱਲੀ ਨੂੰ ਰਵਾਨਗੀ ਕਰ ਰਹੇ ਹਨ, ਆਸ ਹੈ ਕਿ ਕੱਲ੍ਹ ਸ਼ਾਮ 3 ਜਾਂ 4 ਵਜੇ ਤੱਕ ਅਸੀਂ ਦਿੱਲੀ ਪਹੁੰਚ ਜਾਵਾਂਗੇ।