''ਈਰਾਨ ''ਚ 255 ਭਾਰਤੀ ਕੋਰੋਨਾ ਵਾਇਰਸ ਨਾਲ ਪੀੜਤ''
Thursday, Mar 19, 2020 - 01:35 AM (IST)
ਨਵੀਂ ਦਿੱਲੀ (ਏਜੰਸੀ)- ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲ ਰਿਹਾ ਹੈ। ਈਰਾਨ ਵਿਚ ਜਾਨਲੇਵਾ ਵਾਇਰਸ ਨੇ ਮਹਾਮਾਰੀ ਦਾ ਰੂਪ ਲੈ ਲਿਆ ਹੈ। ਇਥੇ 147 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਈਰਾਨ ਵਿਚ ਕੋਰੋਨਾ ਦੀ ਵਜ੍ਹਾ ਨਾਲ ਮ੍ਰਿਤਕਾਂ ਦਾ ਅੰਕੜਾ 1135 ਤੱਕ ਪੁਜ ਚੁਕਾ ਹੈ। ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਈਰਾਨ ਵਿਚ ਹੀ ਸਾਹਮਣੇ ਆਏ ਹਨ। ਵਿਦੇਸ਼ ਮੰਤਰਾਲੇ ਨੇ ਲੋਕਸਭਾ ਵਿਚ ਦੱਸਿਆ ਕਿ ਵਿਦੇਸ਼ ਵਿਚ 276 ਭਾਰਤੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਇਨ੍ਹਾਂ ਵਿਚ 255 ਭਾਰਤੀ ਈਰਾਨ ਵਿਚ ਇਨਫੈਕਸ਼ਨ ਦੀ ਲਪੇਟ ਵਿਚ ਆ ਚੁੱਕੇ ਹਨ। ਸਾਫ ਹੈ ਕਿ ਦੇਸ਼ ਤੋਂ ਜ਼ਿਆਦਾ ਵਿਦੇਸ਼ ਵਿਚ ਮੌਜੂਦ ਭਾਰਤੀ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ।
ਈਰਾਨ ਤੋਂ ਬਾਅਦ ਯੂ.ਏ.ਈ. 'ਚ 12 ਭਾਰਤੀਆਂ ਨੂੰ ਇਨਫੈਕਸ਼ਨ
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲੋਕ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ ਕਿ ਵਿਦੇਸ਼ ਵਿਚ ਇਸ ਸਮੇਂ 276 ਭਾਰਤੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਈਰਾਨ ਵਿਚ ਸਭ ਤੋਂ ਜ਼ਿਆਦਾ 255 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 12, ਇਟਲੀ ਵਿਚ 5, ਹਾਂਗਕਾਂਗ, ਕੁਵੈਤ, ਰਵਾਂਡਾ ਅਤੇ ਸ਼੍ਰੀਲੰਕਾ ਵਿਚ ਇਕ-ਇਕ ਭਾਰਤੀ ਇਸ ਗੰਭੀਰ ਵਾਇਰਸ ਨਾਲ ਇਨਫੈਕਟਿਡ ਹਨ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਈਰਾਨ ਤੋਂ 53 ਭਾਰਤੀਆਂ ਦਾ ਚੌਥਾ ਦਸਤਾ ਭਾਰਤ ਪਰਤਿਆ ਅਤੇ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇਸ ਦੇਸ਼ ਤੋਂ ਕੱਢੇ ਗਏ ਲੋਕਾਂ ਦੀ ਕੁਲ ਗਿਣਤੀ 389 ਹੋ ਗਈ ਹੈ।