252 ਸਰਕਾਰੀ ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ, ਖ਼ਰਚੇ ਜਾਣਗੇ 1800 ਕਰੋੜ ਰੁਪਏ
Friday, Jan 24, 2025 - 11:48 AM (IST)
ਗੁਹਾਟੀ- ਸਰਕਾਰ ਮੁੱਖ ਪੇਂਡੂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 1,800 ਕਰੋੜ ਰੁਪਏ ਦੀ ਲਾਗਤ ਨਾਲ 252 ਅਜਿਹੇ ਸਰਕਾਰੀ ਵਿਦਿਅਕ ਅਦਾਰਿਆਂ ਲਈ ਨਵੀਆਂ ਇਮਾਰਤਾਂ ਦਾ ਨਿਰਮਾਣ ਕਰ ਰਹੀ ਹੈ। ਇਹ ਫ਼ੈਸਲਾ ਆਸਾਮ ਸਰਕਾਰ ਵਲੋਂ ਲਿਆ ਗਿਆ ਹੈ। ਸੈਕੰਡਰੀ ਸਿੱਖਿਆ ਦੀ ਡਾਇਰੈਕਟਰ ਮਮਤਾ ਹੋਜਈ ਨੇ ਦੱਸਿਆ ਕਿ ਪਿਛਲੇ ਸਾਲ ਬਜਟ ਐਲਾਨਾਂ ਅਨੁਸਾਰ 126 ਵਿਧਾਨ ਸਭਾ ਹਲਕਿਆਂ ਵਿੱਚੋਂ 252 ਸਰਕਾਰੀ ਸਥਾਨਕ ਸਕੂਲਾਂ ਦੀ ਚੋਣ ਕੀਤੀ ਗਈ ਹੈ।
ਮਮਤਾ ਨੇ ਕਿਹਾ ਅਸੀਂ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ (RIDF) ਤਹਿਤ ਇਕ ਪ੍ਰਾਜੈਕਟ ਤਹਿਤ ਇਨ੍ਹਾਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਰਹੇ ਹਾਂ। ਸਬੰਧਤ ਵਿਧਾਇਕਾਂ ਦੇ ਸੁਝਾਵਾਂ ਅਨੁਸਾਰ ਸਕੂਲਾਂ ਦੀ ਚੋਣ ਕੀਤੀ ਗਈ ਹੈ। ਖਰਚੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਹਰ ਸਕੂਲ ਦੀ ਉਸਾਰੀ 'ਤੇ 7 ਕਰੋੜ ਤੋਂ 8 ਕਰੋੜ ਰੁਪਏ ਦੀ ਲਾਗਤ ਆਵੇਗੀ। ਕੁੱਲ ਖਰਚਾ 1,827 ਕਰੋੜ ਰੁਪਏ ਹੈ। ਮਮਤਾ ਹੋਜਈ ਨੇ ਕਿਹਾ ਕਿ ਜ਼ਿਆਦਾਤਰ ਸਕੂਲਾਂ ਵਿਚ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਹ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ।
ਓਧਰ ਆਸਾਮ ਦੇ ਵਿੱਤ ਮੰਤਰੀ ਅਜੰਤਾ ਨਿਓਗ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਬਜਟ 2024-25 ਵਿਚ ਇਕ ਪਹਿਲਕਦਮੀ ਦਾ ਐਲਾਨ ਕੀਤਾ ਸੀ। ਪਿਛਲੇ ਸਾਲ ਬਜਟ ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਸਾਡੀ ਸਰਕਾਰ 2,369.86 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਸੂਬੇ ਦੇ 322 ਸਕੂਲਾਂ ਦੀ ਨੁਹਾਰ ਬਦਲੇਗੀ। ਹਾਲਾਂਕਿ ਹੋਜਈ ਨੇ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਕਿ ਕੀ ਇਨ੍ਹਾਂ ਸਕੂਲਾਂ ਵਿਚ ਸਥਾਨਕ ਭਾਸ਼ਾ ਦੇ ਮਾਧਿਅਮ ਤੋਂ ਹੀ ਪੜ੍ਹਾਈ ਹੋਵੇਗੀ ਜਾਂ ਉਨ੍ਹਾਂ ਨੂੰ ਅਪਗ੍ਰੇਡ ਕਰ ਕੇ ਇੱਥੇ ਹੁਣ ਅੰਗੇਰਜ਼ੀ ਭਾਸ਼ਾ ਦੇ ਨਾਲ-ਨਾਲ ਦੋ ਭਾਸ਼ਾਵਾਂ ਵਿਚ ਪੜ੍ਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਮਾਂ ਆਉਣ 'ਤੇ ਸਰਕਾਰ ਇਸ ਸਬੰਧੀ ਫੈਸਲਾ ਕਰੇਗੀ।