ਦਿੱਲੀ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 2500 ਕਰੋੜ ਦੀ ਹੈਰੋਇਨ ਸਮੇਤ 4 ਦੋਸ਼ੀ ਕੀਤੇ ਗਿ੍ਰਫ਼ਤਾਰ
Saturday, Jul 10, 2021 - 05:59 PM (IST)
ਨਵੀਂ ਦਿੱਲੀ (ਕਮਲ ਕਾਂਸਲ)— ਦਿੱਲੀ ਪੁਲਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਦਿੱਲੀ ਪੁਲਸ ਨੇ 2500 ਕਰੋੜ ਦੀ 350 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇੰਨਾ ਹੀ ਨਹੀਂ ਪੁਲਸ ਨੇ 4 ਦੋਸ਼ੀਆਂ ਨੂੰ ਵੀ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ 3 ਹਰਿਆਣਾ ਤੋਂ ਅਤੇ ਇਕ ਦੋਸ਼ੀ ਦਿੱਲੀ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਫੜੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੇ ਡਰੱਗ ਸਿੰਡੀਕੇਟ ਦਾ ਖ਼ੁਲਾਸਾ ਹੈ। ਹੈਰੋਇਨ ਦੀ ਕੀਮਤ 2500 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਮਾਮਲਾ ਨਾਰਕੋ ਟੈਰਰਿਜ਼ਮ (ਅੱਤਵਾਦ) ਨਾਲ ਜੁੜ ਸਕਦਾ ਹੈ। ਇਸ ਦੇ ਤਾਰ ਪਾਕਿਸਤਾਨ ਨਾਲ ਵੀ ਜੁੜੇ ਹੋ ਸਕਦੇ ਹਨ। ਓਧਰ ਦਿੱਲੀ ਪੁਲਸ ਸਪੈਸ਼ਲ ਸੈੱਲ ਦੇ ਸੀ. ਪੀ. ਨੀਰਜ ਠਾਕੁਰ ਨੇ ਦੱਸਿਆ ਕਿ ਇਹ ਆਪਰੇਸ਼ਨ ਮਹੀਨਿਆਂ ਤੋਂ ਚਲ ਰਿਹਾ ਸੀ। ਕੁਲ 354 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਹੈਰੋਇਨ ਦੀ ਪੇਖ ਕੰਟੇਨਰ ਵਿਚ ਲੁਕਾ ਕੇ ਸਮੁੰਦਰ ਦੇ ਰਸਤਿਓਂ ਮੁੰਬਈ ਤੋਂ ਦਿੱਲੀ ਲਿਆਂਦੀ ਸੀ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਕੋਲ ਫੈਕਟਰੀ ’ਚ ਇਸ ਡਰੱਗ ਨੂੰ ਹੋਰ ਚੰਗੀ ਕੁਆਲਿਟੀ ਦਾ ਬਣਾਇਆ ਜਾਣਾ ਸੀ। ਫਿਰ ਇਹ ਡਰੱਗ ਪੰਜਾਬ ਜਾਣੀ ਸੀ। ਫਰੀਦਾਬਾਦ ਵਿਚ ਡਰੱਗ ਲੁਕਾਉਣ ਲਈ ਕਿਰਾਏ ’ਤੇ ਮਕਾਨ ਲਿਆ ਗਿਆ ਸੀ, ਜਿੱਥੇ ਇਹ ਲੁਕਾ ਕੇ ਰੱਖੀ ਗਈ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਪਹਿਲਾਂ ਵੀ ਡਰੱਗ ਮਾਮਲੇ ਵਿਚ ਗਿ੍ਰਫ਼ਤਾਰ ਹੋ ਚੁੱਕੇ ਹਨ। ਪਾਕਿਸਤਾਨ ਤੋਂ ਵੀ ਪੈਸਾ ਆਉਣ ਦੇ ਸੁਰਾਗ ਮਿਲੇ ਹਨ। ਪੁਲਸ ਮੁਤਾਬਕ ਕਸ਼ਮੀਰ ਦਾ ਰਹਿਣ ਵਾਲਾ ਸ਼ਖਸ ਡਰੱਗ ਲਈ ਕੈਮੀਕਲ ਮੁਹੱਈਆ ਕਰਵਾਉਂਦਾ ਸੀ, ਜਿਸ ਨਾਲ ਹੈਰੋਇਨ ਨੂੰ ਪ੍ਰੋਸੈੱਸ ਕੀਤਾ ਜਾਂਦਾ ਸੀ।