50 ਲੱਖ ਦਾ ਕਰਜ਼ਾ ਚੁੱਕ 23 ਸਾਲਾ ਪੁੱਤ ਨੂੰ ਡੌਂਕੀ ਲਾ ਭੇਜਿਆ ਸੀ ਅਮਰੀਕਾ, ਸੜਕ ਹਾਦਸੇ ’ਚ ਮੌਤ
Saturday, Jun 01, 2024 - 05:58 AM (IST)
ਨੈਸ਼ਨਲ ਡੈਸਕ– ਹਰਿਆਣਾ ਦਾ ਰਹਿਣ ਵਾਲਾ ਲਾਲ ਅਮਰੀਕਾ ਦੇ ਵਾਸ਼ਿੰਗਟਨ ’ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦੀ ਕਾਰ ਨੂੰ ਕਿਸੇ ਹੋਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਬਲੜੀ, ਕਰਨਾਲ ਵਾਸੀ ਰਾਹੁਲ (23) ਦੀ ਮੌਤ ਹੋ ਗਈ। ਪੁੱਤ ਦੀ ਮੌਤ ਕਾਰਨ ਕਰਨਾਲ ’ਚ ਸੋਗ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਾਹੁਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਅਮਰੀਕਾ ’ਚ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਹਾਦਸੇ ਨਾਲ ਪਰਿਵਾਰ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ।
ਪਰਿਵਾਰ ਚਾਹੁੰਦਾ ਸੀ ਕਿ ਪੁੱਤ ਵਿਦੇਸ਼ ਜਾ ਕੇ ਕੰਮ ਕਰੇ। ਵਾਸ਼ਿੰਗਟਨ ਜਾਣ ਤੋਂ ਬਾਅਦ ਰਾਹੁਲ ਨੂੰ ਪਾਰਸਲ ਡਿਲਿਵਰੀ ਦਾ ਕੰਮ ਮਿਲ ਗਿਆ। ਪਿਤਾ ਨੇ ਦੱਸਿਆ ਕਿ ਉਸ ਨੇ 8 ਮਹੀਨੇ ਪਹਿਲਾਂ ਆਪਣੇ ਪੁੱਤ ਨੂੰ 50 ਲੱਖ ਰੁਪਏ ਦਾ ਕਰਜ਼ਾ ਲੈ ਕੇ ਡੌਂਕੀ ਰਾਹੀਂ ਅਮਰੀਕਾ ਭੇਜਿਆ ਸੀ। ਕਰੀਬ 2 ਮਹੀਨਿਆਂ ਤੋਂ ਰਾਹੁਲ ਨੇ ਵਾਸ਼ਿੰਗਟਨ ’ਚ ਪਾਰਸਲ ਡਿਲਿਵਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਹੁਲ ਵਾਸ਼ਿੰਗਟਨ ’ਚ 29 ਮਈ ਦੀ ਰਾਤ ਨੂੰ 9 ਵਜੇ ਲਾਲ ਬੱਤੀ ’ਤੇ ਆਪਣੀ ਕਾਰ ਨਾਲ ਖੜ੍ਹਾ ਸੀ। ਇਕ ਹੋਰ ਤੇਜ਼ ਰਫ਼ਤਾਰ ਵਾਹਨ ਨੇ ਰਾਹੁਲ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਭਿਆਨਕ ਟੱਕਰ ਕਾਰਨ ਰਾਹੁਲ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਨੇ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼
ਚਚੇਰੇ ਭਰਾ ਨੇ ਦਿੱਤੀ ਮੌਤ ਦੀ ਜਾਣਕਾਰੀ
ਕੰਮ ਖ਼ਤਮ ਕਰਨ ਤੋਂ ਬਾਅਦ ਰਾਹੁਲ ਰਾਤ ਨੂੰ ਵਾਸ਼ਿੰਗਟਨ ਸਥਿਤ ਘਰ ਨਹੀਂ ਪਹੁੰਚਿਆ। ਰਾਹੁਲ ਦੇ ਘਰ ਨਾ ਪਹੁੰਚਣ ’ਤੇ ਚਚੇਰਾ ਭਰਾ ਰਮਨ ਚਿੰਤਤ ਹੋ ਗਿਆ। ਉਸ ਨੇ ਰਾਹੁਲ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੂੰ ਫੋਨ ਕੀਤਾ ਤਾਂ ਨੰਬਰ ਬੰਦ ਸੀ। ਰਮਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਰਾਹੁਲ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਹੁਲ ਦੀ ਕਾਰ ਲਾਲ ਬੱਤੀ ਨੇੜੇ ਖ਼ਰਾਬ ਮਿਲੀ। ਪੁਲਸ ਨਾਲ ਸੰਪਰਕ ਕਰਨ ’ਤੇ ਹਾਦਸੇ ਦੀ ਸੂਚਨਾ ਮਿਲੀ। ਰਮਨ ਨੇ ਭਾਰਤ ’ਚ ਰਾਹੁਲ ਦੇ ਪਰਿਵਾਰ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਘਰ ’ਚ ਸੋਗ ਦੀ ਲਹਿਰ ਦੌੜ ਗਈ। ਰਾਹੁਲ ਦੇ ਪਿਤਾ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਪੁੱਤ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਉਮੀਦ ਹੈ। ਪਰਿਵਾਰ ’ਚ ਰਾਹੁਲ ਦੀ ਛੋਟੀ ਭੈਣ ਪੜ੍ਹ ਰਹੀ ਹੈ। ਪਿਤਾ ਸੁਭਾਸ਼ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਹਨ। ਹੁਣ 50 ਲੱਖ ਰੁਪਏ ਦਾ ਕਰਜ਼ਾ ਮੋੜਨਾ ਵੀ ਪਰਿਵਾਰ ਲਈ ਬੋਝ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।