ਰਾਮ ਮੰਦਰ ’ਚ ਚੜ੍ਹਾਵਾ ਗਿਣਨ ਵਾਲੇ 23 ਕਰਮਚਾਰੀਆਂ ਨੇ ਦਿੱਤਾ ਸਮੂਹਿਕ ਅਸਤੀਫਾ, ਸੁਰੱਖਿਆ ਨਿਯਮ ਸਖ਼ਤ
Saturday, Jul 11, 2026 - 03:20 AM (IST)
ਅਯੁੱਧਿਆ - ਰਾਮ ਮੰਦਰ ਚੜ੍ਹਾਵਾ ਚੋਰੀ ਦੇ ਮਾਮਲੇ ਦੇ ਵਿਚਾਲੇ ਚੜ੍ਹਾਵਾ ਦੀ ਗਿਣਤੀ ਕਰਨ ਵਾਲੇ 23 ਕਰਮਚਾਰੀਆਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਵਾਦ ਤੋਂ ਬਾਅਦ ਕੰਮ ਦੇ ਪ੍ਰਬੰਧਾਂ ਵਿਚ ਵੱਡੇ ਬਦਲਾਅ ਕੀਤੇ ਗਏ ਹਨ। 2 ਸ਼ਿਫਟਾਂ ਦੀ ਬਜਾਏ ਹੁਣ ਇਕੋ ਸ਼ਿਫਟ ਵਿਚ ਕੰਮ ਕਰਵਾਇਆ ਜਾ ਰਿਹਾ ਹੈ, ਡਿਊਟੀ ਦਾ ਸਮਾਂ 6 ਘੰਟੇ ਤੋਂ ਵਧਾ ਕੇ 9 ਘੰਟੇ ਕਰ ਦਿੱਤਾ ਗਿਆ ਹੈ ਅਤੇ ਤਨਖਾਹ ਤੇ ਛੁੱਟੀਆਂ ਵਿਚ ਵੀ ਕਟੌਤੀ ਕੀਤੀ ਗਈ ਹੈ।
ਕਰਮਚਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਹਰ ਮਹੀਨੇ 14,755 ਰੁਪਏ ਤਨਖਾਹ ਮਿਲਦੀ ਸੀ ਪਰ ਹੁਣ ਭੁਗਤਾਨ ਵੱਖ-ਵੱਖ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਐੱਸ. ਬੀ. ਆਈ. ਤੁਲਸੀ ਉਦਿਆਨ ਸ਼ਾਖਾ, ਕਰਮਚਾਰੀ ਮੁਹੱਈਆ ਕਰਵਾਉਣ ਵਾਲੀ ਏਜੰਸੀ ਅਤੇ ਸਬੰਧਤ ਅਧਿਕਾਰੀਆਂ ਕੋਲ ਆਪਣੇ ਇਤਰਾਜ਼ ਦਰਜ ਕਰਵਾਏ ਪਰ ਮੰਗਾਂ ਨਹੀਂ ਮੰਨੀਆਂ ਗਈਆਂ।
ਇਸ ਤੋਂ ਬਾਅਦ 23 ਕਰਮਚਾਰੀਆਂ ਨੇ ਇਕੱਠੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਚੜ੍ਹਾਵੇ ਦੀ ਗਿਣਤੀ ਲਈ ਸਿਰਫ਼ 13 ਕਰਮਚਾਰੀ ਹੀ ਡਿਊਟੀ ’ਤੇ ਪਹੁੰਚੇ, ਜਿਸ ਨਾਲ ਪ੍ਰਬੰਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵਧ ਗਿਆ ਹੈ। ਚੜ੍ਹਾਵਾ ਚੋਰੀ ਦੇ ਮਾਮਲੇ ਤੋਂ ਬਾਅਦ ਸੁਰੱਖਿਆ ਪ੍ਰਬੰਧ ਵੀ ਪਹਿਲਾਂ ਨਾਲੋਂ ਵੱਧ ਸਖ਼ਤ ਕਰ ਦਿੱਤੇ ਗਏ ਹਨ।
ਹੁਣ ਚੜ੍ਹਾਵੇ ਦੀ ਗਿਣਤੀ ਕਰਨ ਵਾਲੇ ਕਰਮਚਾਰੀਆਂ ਲਈ ‘ਬਿਨਾਂ ਜੇਬ ਵਾਲੇ ਕੱਪੜੇ’ ਪਹਿਨਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਪੁਲਸ ਤੋਂ ਤਸਦੀਕਸ਼ੁਦਾ ਚਰਿੱਤਰ ਸਰਟੀਫਿਕੇਟ ਜਮ੍ਹਾ ਕਰਵਾਉਣਾ ਅਤੇ ਹੋਰ ਸੁਰੱਖਿਆ ਸ਼ਰਤਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਦੌਰਾਨ ਦਾਨ ਦੀ ਗਿਣਤੀ ਵਿਚ ਲੱਗੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਜਾਂਚ ਵਿਚ ਹਾਊਸਕੀਪਿੰਗ ਸਟਾਫ਼ ਦੇ ਇਸ ਕੰਮ ਵਿਚ ਲੱਗੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਬੰਧਾਂ ਵਿਚ ਬਦਲਾਅ ਕੀਤੇ ਗਏ ਹਨ।
ਦੂਜੇ ਪਾਸੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨਾਲ ਕਾਰਜਕਾਰੀ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਨੇ ਮਣੀਰਾਮ ਛਾਉਣੀ ਮੰਦਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਗੋਪਾਲ ਰਾਓ ਵੀ ਮੌਜੂਦ ਸਨ। ਅਹੁਦਾ ਮਿਲਣ ਤੋਂ ਬਾਅਦ ਪਹਿਲੀ ਵਾਰ ਕ੍ਰਿਸ਼ਨ ਮੋਹਨ ਪ੍ਰਧਾਨ ਨੂੰ ਮਿਲਣ ਲਈ ਮੰਦਰ ਪਹੁੰਚੇ ਸਨ ਅਤੇ ਇਕ ਘੰਟੇ ਤੱਕ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਵੀ ਕੀਤੀ। ਇਸ ਮੁਲਾਕਾਤ ਨੂੰ ਵੀ ਇਸੇ ਸਮੂਹਿਕ ਅਸਤੀਫ਼ੇ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦਾਨ ਪਾਤਰਾਂ ’ਚ ਛੋਟੇ ਨੋਟ ਵਧੇ, 500 ਰੁਪਏ ਦੇ ਨੋਟਾਂ ਦੀ ਗਿਣਤੀ ਘਟੀ
ਲਗਾਤਾਰ ਵਧ ਰਹੀ ਸੁਰੱਖਿਆ ਨਿਗਰਾਨੀ ਦੇ ਵਿਚਾਲੇ ਚੜ੍ਹਾਵੇ ਦੇ ਸਰੂਪ ਵਿਚ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ। ਸੂਤਰਾਂ ਅਨੁਸਾਰ ਦਾਨ ਪਾਤਰਾਂ ਵਿਚ 10 ਅਤੇ 20 ਰੁਪਏ ਦੇ ਨੋਟਾਂ ਦੀ ਗਿਣਤੀ ਵਧੀ ਹੈ, ਜਦਕਿ 500 ਰੁਪਏ ਦੇ ਨੋਟ ਮੁਕਾਬਲਤਨ ਘੱਟ ਮਿਲੇ ਹਨ। ਕਰਮਚਾਰੀਆਂ ਦੇ ਸਮੂਹਿਕ ਅਸਤੀਫ਼ੇ ਤੋਂ ਬਾਅਦ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ, ਬੈਂਕ ਅਤੇ ਸਬੰਧਤ ਏਜੰਸੀ ਦੇ ਸਾਹਮਣੇ ਨਵੇਂ ਕਰਮਚਾਰੀਆਂ ਦਾ ਪ੍ਰਬੰਧ ਕਰਨਾ ਇਕ ਵੱਡੀ ਚੁਣੌਤੀ ਬਣ ਗਿਆ ਹੈ।
