ਕੇਦਾਰਨਾਥ ਧਾਮ ''ਚ ਹੋਇਆ ਵੱਡਾ ਘਪਲਾ, ਗਾਇਬ ਹੋਇਆ 228 ਕਿਲੋ ਸੋਨਾ
Tuesday, Jul 16, 2024 - 09:47 AM (IST)
ਮੁੰਬਈ- ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਕੇਦਾਰਨਾਥ ਧਾਮ ’ਚ 228 ਕਿਲੋ ਸੋਨਾ ਗਾਇਬ ਹੋਣ ਦਾ ਇਲਜ਼ਾਮ ਲਗਾਇਆ ਹੈ। ਕੇਦਾਰਨਾਥ ਧਾਮ ਤੋਂ 228 ਕਿਲੋ ਸੋਨੇ ਦਾ ਘਪਲਾ ਹੋ ਗਿਆ ਹੈ। ਇਸ ਦੀ ਕੋਈ ਜਾਂਚ ਕਿਉਂ ਨਹੀਂ ਹੋ ਰਹੀ? ਇਸ ਲਈ ਕੌਣ ਜ਼ਿੰਮੇਵਾਰ ਹੈ? ਹੁਣ ਕਿਹਾ ਜਾ ਰਿਹਾ ਹੈ ਕਿ ਕੇਦਾਰਨਾਥ ਦਿੱਲੀ ਵਿੱਚ ਬਣੇਗਾ, ਅਜਿਹਾ ਨਹੀਂ ਹੋ ਸਕਦਾ। ਉਨ੍ਹਾਂ ਸੋਮਵਾਰ ਨੂੰ ਮੁੰਬਈ ’ਚ ਊਧਵ ਠਾਕਰੇ ਦੀ ਰਿਹਾਇਸ਼ ਮਾਤੋਸ਼੍ਰੀ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਗੱਲ ਕਹੀ। ਮੀਡੀਆ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਦਿੱਲੀ ਵਿਚ ਕੇਦਾਰਨਾਥ ਧਾਮ ਵਾਂਗ ਮੰਦਰ ਬਣਾਉਣ ਦੀ ਗੱਲ ਚੱਲ ਰਹੀ ਹੈ। ਇਸ ਬਾਰੇ ਤੁਹਾਡੀ ਕੀ ਸਲਾਹ ਹੈ? ਇਸ ’ਤੇ ਤਿੱਖਾ ਜਵਾਬ ਦਿੰਦਿਆਂ ਸ਼ੰਕਰਾਚਾਰੀਆ ਨੇ ਕਿਹਾ ਕਿ ਬਾਰਾਂ ਜਯੋਤਿਰਲਿੰਗਾਂ ਦੀ ਪਰਿਭਾਸ਼ਾ ਅਤੇ ਨਿਯਮ ਤੈਅ ਹਨ।
ਇਸ ਲਈ ਕਿਤੇ ਵੀ ਕੇਦਾਰਨਾਥ ਧਾਮ ਨਹੀਂ ਬਣਾਇਆ ਜਾ ਸਕਦਾ। ਸ਼ੰਕਰਾਚਾਰੀਆ ਨੇ ਕਿਹਾ ਕਿ ਸ਼ਾਸਤਰਾਂ ਵਿਚ ਬਾਰਾਂ ਜਯੋਤਿਰਲਿੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਕੇਦਾਰਨਾਥ ਧਾਮ ਦਿੱਲੀ ਵਿਚ ਬਣੇਗਾ, ਇਹ ਕਹਿਣਾ ਗਲਤ ਹੈ। ਸਾਡੇ ਧਾਰਮਿਕ ਸਥਾਨ ਵਿਚ ਸਿਆਸਤਦਾਨ ਦਾਖਲ ਹੋ ਰਹੇ ਹਨ। ਸ਼ੰਕਰਾਚਾਰੀਆ ਨੇ ਕਿਹਾ ਕਿ ਸ਼ਾਸਤਰਾਂ ’ਚ ਲਿਖਿਆ ਹੈ ਕਿ ਸੋਮਨਾਥ ਸੌਰਾਸ਼ਟਰ ਭਾਵ ਗੁਜਰਾਤ ’ਚ ਹੀ ਹੋਵੇਗਾ। ਕੇਦਾਰਨਾਥ ਹਿਮਾਲਿਆ ’ਤੇ ਹੀ ਹੋਵੇਗਾ, ਉਸ ਦੀ ਕੋਈ ਪ੍ਰਤੀਰੂਪ ਨਹੀਂ ਹੋ ਸਕਦੀ। ਜੇਕਰ ਅਸੀਂ ਇਸ ਨੂੰ ਦਿੱਲੀ ਵਿਚ ਬਣਾਉਣਾ ਚਾਹੁੰਦੇ ਹਾਂ ਤਾਂ ਇਹ ਗਲਤ ਹੈ। ਕੇਦਾਰਨਾਥ ਸਿਰਫ ਇਕ ਹੀ ਹੈ ਅਤੇ ਜਿੱਥੇ ਹੈ ਉੱਥੇ ਹੀ ਰਹੇਗਾ। ਸ਼ਾਸਤਰ ਤੋਂ ਅਲੱਗ ਕੁਝ ਹੋਵੇਗਾ ਤਾਂ ਅਸੀਂ ਉਸਨੂੰ ਗਲਤ ਹੀ ਕਹਾਂਗੇ। ਉਨ੍ਹਾਂ ਸਵਾਲ ਕੀਤਾ ਕਿ ਉੱਥੇ ਘਪਲੇ ਤੋਂ ਬਾਅਦ ਹੁਣ ਦਿੱਲੀ ਵਿਚ ਕੇਦਾਰਨਾਥ ਦਾ ਨਿਰਮਾਣ ਹੋਵੇਗਾ। ਫਿਰ ਘਪਲਾ ਹੋਵੇਗਾ।
ਮੈਂ PM ਮੋਦੀ ਦਾ ਦੁਸ਼ਮਣ ਨਹੀਂ ਸ਼ੁਭਚਿੰਤਕ ਹਾਂ
ਸ਼ੰਕਰਾਚਾਰੀਆ ਨੇ ਇਸ ਦੌਰਾਨ ਅਨੰਤ ਅੰਬਾਨੀ ਦੇ ਵਿਆਹ ’ਚ ਪੀ. ਐੱਮ. ਮੋਦੀ ਨਾਲ ਮੁਲਾਕਾਤ ’ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੀ. ਐੱਮ. ਨਰਿੰਦਰ ਮੋਦੀ ਨੇ ਮੈਨੂੰ ਪ੍ਰਣਾਮ ਕੀਤਾ ਤਾਂ ਮੈਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਅਸੀਂ ਉਨ੍ਹਾਂ ਦੇ ਦੁਸ਼ਮਣ ਨਹੀਂ ਸਗੋਂ ਸ਼ੁਭਚਿੰਤਕ ਹਾਂ। ਹਾਂ, ਜਦੋਂ ਉਹ ਗਲਤ ਕਰਦੇ ਹਨ ਤਾਂ ਫਿਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਇਥੇ ਤੁਸੀਂ ਗਲਤੀ ਕੀਤੀ ਹੈ।