21 ਦਿਨ ਦਾ ਲਾਕਡਾਊਨ ਸ਼ੁਰੂ, ਰਾਸ਼ਨ ਦੀਆਂ ਦੁਕਾਨਾਂ ’ਤੇ ਨਜ਼ਰ ਆਈ ਭੀੜ

03/25/2020 9:47:06 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ 21 ਦਿਨ ਦਾ ਲਾਕਡਾਊਨ ਬੁੱਧਵਾਰ ਸ਼ੁਰੂ ਹੋ ਗਿਆ। ਦੇਸ਼ ਦੇ ਕਈ ਹਿੱਸਿਆਂ ’ਚ ਹਫੜਾ-ਦਫੜੀ ਵਾਲਾ ਮਾਹੌਲ ਦੇਖਿਆ ਗਿਆ। ਰਾਸ਼ਨ ਦੀਆਂ ਦੁਕਾਨਾਂ ਅਤੇ ਸਟੋਰਾਂ ’ਤੇ ਲੋਕਾਂ ਦੀ ਵੱਡੀ ਭੀੜ ਨਜ਼ਰ ਆਈ।

ਵੱਖ-ਵੱਖ ਸੂਬਿਆਂ ਤੋਂ ਮਿਲੀਆਂ ਖਬਰਾਂ ਮੁਤਾਬਕ ਸੜਕਾਂ ’ਤੇ ਵਿਰਾਨਗੀ ਛਾਈ ਹੋਈ ਸੀ ਪਰ ਲੋਕ ਬਾਜ਼ਾਰਾਂ ’ਚ ਖਰੀਦਦਾਰੀ ਕਰਨ ਲਈ ਸਰਗਰਮ ਦੇਖੇ ਗਏ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਘਰਾਂ ’ਚ ਰਹਿਣ ਦੀ ਵਾਰ-ਵਾਰ ਅਪੀਲ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਵੱਡੀ ਗਿਣਤੀ ਿਵਚ ਖਰੀਦਦਾਰੀ ਕਰਨ ਆਏ। ਐੱਲ. ਪੀ. ਜੀ. ਸਿਲੰਡਰ ਲੈਣ ਲਈ ਲੋਕ ਲਾਈਨਾਂ ’ਚ ਖੜ੍ਹੇ ਦੇਖੇ ਗਏ। ਦਿੱਲੀ ਵਿਚ ਮਦਰ ਡੇਅਰੀ ਦੀਆਂ ਕਈ ਦੁਕਾਨਾਂ ਅਤੇ ਰਾਸ਼ਨ ਦੀਆਂ ਸਥਾਨਕ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਦੇਖੀਆਂ ਗਈਆਂ।

ਰੇਲ ਸੇਵਾਵਾਂ ਵੀ 14 ਅਪ੍ਰੈਲ ਦੀ ਅੱਧੀ ਰਾਤ ਤੱਕ ਰਹਿਣਗੀਆਂ ਬੰਦ

ਸਭ ਮੁਸਾਫਿਰ ਗੱਡੀਆਂ ਦੇ ਚੱਲਣ ’ਤੇ 14 ਅਪ੍ਰੈਲ ਦੀ ਅੱਧੀ ਰਾਤ ਤੱਕ ਰੋਕ ਲਾ ਦਿੱਤੀ ਗਈ ਹੈ। ਮੋਦੀ ਵੱਲੋਂ 21 ਦਿਨ ਦੇ ਐਲਾਨੇ ਗਏ ਲਾਕਡਾਊਨ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਨੇ ਇਹ ਕਦਮ ਚੁੱਕਿਆ ਹੈ। ਰੇਲਵੇ ਬੋਰਡ ਨੇ ਬੁੱਧਵਾਰ ਜਾਰੀ ਕੀਤੇ ਨਵੇਂ ਸਰਕੂਲਰ ਵਿਚ ਕਿਹਾ ਹੈ ਕਿ ਸਭ ਮੇਲ, ਐਕਸਪ੍ਰੈੱਸ, ਪੈਸੰਜਰ, ਪ੍ਰੀਮੀਅਮ, ਉਪ ਨਗਰੀ ਅਤੇ ਕੋਲਕਾਤਾ ਮੈਟਰੋ ਵਰਗੀਆਂ ਹਰ ਤਰ੍ਹਾਂ ਦੀਆਂ ਰੇਲ ਸੇਵਾਵਾਂ 14 ਅਪ੍ਰੈਲ ਦੀ ਅੱਧੀ ਰਾਤ ਤੱਕ ਬੰਦ ਰਹਿਣਗੀਆਂ। ਮਾਲ ਗੱਡੀਆਂ ਚੱਲਦੀਆਂ ਰਹਿਣਗੀਆਂ।


Inder Prajapati

Content Editor

Related News