ਕਰਮਚਾਰੀ ਆਪਣੀ ਕੰਪਨੀ ਨੂੰ ਹੀ ਲਾ ਗਏ ਕਰੋੜਾਂ ਦਾ ਚੂਨਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

Tuesday, Jun 10, 2025 - 05:29 PM (IST)

ਕਰਮਚਾਰੀ ਆਪਣੀ ਕੰਪਨੀ ਨੂੰ ਹੀ ਲਾ ਗਏ ਕਰੋੜਾਂ ਦਾ ਚੂਨਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਨੈਸ਼ਨਲ ਡੈਸਕ- ਮਸ਼ਹੂਰ ਕਾਰ ਨਿਰਮਾਤਾ ਕੰਪਨੀ ਕੀਆ ਇੰਡੀਆ ਦੇ ਆਂਧਰਾ ਪ੍ਰਦੇਸ਼ ਸਥਿਤ ਪਲਾਂਟ 'ਚੋਂ 1,008 ਇੰਜਣ ਚੋਰੀ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 20 ਕਰੋੜ ਰੁਪਏ ਦੀ ਇਸ ਚੋਰੀ 'ਚ ਕੰਪਨੀ ਦੇ ਦੋ ਸਾਬਕਾ ਕਰਮਚਾਰੀ, ਕੁਝ ਸਕ੍ਰੈਪ ਡੀਲਰ ਅਤੇ ਹੋਰ ਲੋਕਾਂ ਦੀ ਮਿਲੀਭੁਗਤ ਪਾਈ ਗਈ ਹੈ। 

ਰਿਪੋਰਟ ਮੁਤਾਬਕ, ਪੁਲਸ ਜਾਂਚ 'ਚ ਪਤਾ ਲੱਗਾ ਕਿ ਇਹ ਸੰਗਠਿਤ ਚੋਰੀ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਸੀ। ਇੰਜਣ ਚੋਰੀ ਦੀ ਇਸ ਵਾਰਦਾਤ ਨੂੰ ਫਰਜ਼ੀ ਚਲਾਨ ਅਤੇ ਗੇਟ ਪਾਸ ਰਾਹੀਂ ਅੰਜਾਮ ਦਿੱਤਾ ਗਿਆ। ਚੋਰੀ ਕੀਤੇ ਗਏ ਇੰਜਣ ਦੇਸ਼ ਭਰ 'ਚ, ਖਾਸ ਕਰਕੇ ਦਿੱਲੀ ਵਰਗੇ ਸ਼ਹਿਰਾਂ 'ਚ ਵੇਜੇ ਗਏ। 

ਕਿਵੇਂ ਹੋਇਆ ਖੁਲਾਸਾ

ਕੀਆ ਇੰਡੀਆ ਨੇ ਜਨਵਰੀ 2024 'ਚ ਇੰਜਣ ਚੋਰੀ ਦਾ ਸ਼ੱਕ ਹੋਣ 'ਤੇ ਇਨਵੈਂਟਰੀ ਮੈਨਜਮੈਂਟ ਪ੍ਰੀਸੇਸ ਦੀ ਸਮੀਖਿਆ ਕੀਤੀ। ਮਾਰਚ 'ਚ ਇੰਟਰਨਲ ਆਡਿਟ ਦੌਰਾਨ 940 ਇੰਜਣ ਗਾਇਬ ਮਿਲੇ ਅਤੇ ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਅਣਅਧਿਕਾਰਤ ਟਰੱਕਾਂ ਦੀ ਆਵਾਜਾਈ ਦਾ ਪਤਾ ਲੱਗਾ। ਇਸ ਤੋਂ ਬਾਅਦ ਮਾਮਲਾ ਪੁਲਸ ਨੂੰ ਸੌਂਪਿਆ ਗਿਆ। 

ਪੁਲਸ ਵੱਲੋਂ ਅਪ੍ਰੈਲ 'ਚ ਦਰਜ ਰਿਪੋਰਟ 'ਚ ਦੱਸਿਆ ਗਿਆ ਕਿ ਕੰਪਨੀ ਦੇ ਇੰਜਣ ਡਿਸਪੈਚ ਸੈਕਸ਼ਨ ਦੇ ਸਾਬਕਾ ਸੈਕਸ਼ਨ ਹੈੱਡ ਅਤੇ ਇਕ ਟੀਮ ਲੀਡਰ ਨੇ ਸਕ੍ਰੈਪ ਡੀਲਰਾਂ ਦੇ ਨਾਲ ਮਿਲ ਕੇ ਇਹ ਗੋਰਖ ਧੰਦਾ ਚਲਾਇਆ। ਉਨ੍ਹਾਂ ਨੇ ਘੱਟੋ-ਘੱਟ ਚਾਰ ਹੋਰ ਲੋਕਾਂ ਦੀ ਮਦਦ ਨਾਲ ਟਰੱਕਾਂ ਦੀ ਵਿਵਸਥਾ ਕਰਕੇ ਚੋਰੀ ਕੀਤੇ ਗਏ ਇੰਜਣ ਵੱਖ-ਵੱਖ ਸਥਾਨਾਂ 'ਤੇ ਵੇਚ ਦਿੱਤੇ। ਕਈ ਫਰਜ਼ੀ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਟਰੱਕ ਵੀ ਇਸ ਕੰਮ 'ਚ ਇਸਤੇਮਾਲ ਕੀਤੇ ਗਏ। 

ਡਿਜੀਟਲ ਸਬੂਤ ਅਤੇ ਗ੍ਰਿਫਤਾਰੀ

ਹੁਣ ਤੱਕ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ 9 ਮੋਬਾਈਲ ਫ਼ੋਨ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ ਵਟਸਐਪ ਚੈਟ, ਟਰੱਕ ਦੀਆਂ ਫੋਟੋਆਂ ਅਤੇ ਟਰਾਂਸਪੋਰਟ ਇਨਵੌਇਸ ਵਰਗੇ ਕਈ ਡਿਜੀਟਲ ਸਬੂਤ ਹਨ। ਕੀਆ ਇੰਡੀਆ ਦਾ ਕਹਿਣਾ ਹੈ ਕਿ ਚੋਰੀ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਿਵੇਂ ਹੀ ਇਸਦੀ ਪੁਸ਼ਟੀ ਹੋਈ, ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।


author

Rakesh

Content Editor

Related News