ਮਾਤਮ ''ਚ ਬਦਲੀਆਂ ਖੁਸ਼ੀਆਂ, ਮੂਰਤੀ ਵਿਸਰਜਨ ਤੋਂ ਪਰਤ ਰਹੇ 2 ਵਿਦਿਆਰਥੀਆਂ ਦੀ ਦਰਦਨਾਕ ਮੌਤ
Tuesday, Sep 02, 2025 - 06:32 PM (IST)

ਨੈਸਨਲ ਡੈਸਕ- ਬ੍ਰਿਟੇਨ ਦੇ ਐਸੈਕਸ ਸ਼ਹਿਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹੈਦਰਾਬਾਦ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਹਾਦਸਾ A130 ਰੇਲੇ ਸਪੁਰ ਚੌਕ 'ਤੇ ਵਾਪਰਿਆ, ਜਦੋਂ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ। ਇਹ ਸਾਰੇ ਵਿਦਿਆਰਥੀ ਦੋਸਤ ਸਨ ਅਤੇ ਗਣੇਸ਼ ਵਿਸਰਜਨ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ।
ਇਸ ਹਾਦਸੇ ਵਿੱਚ 23 ਸਾਲਾ ਚੈਤਨਿਆ ਤਾਰੇ ਦੀ ਮੌਕੇ 'ਤੇ ਹੀ ਮੌਤ ਹੋ ਗਈ। 21 ਸਾਲਾ ਰਿਸ਼ੀਤੇਜਾ ਰਾਪੋਲੂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਚੈਤਨਿਆ 8 ਮਹੀਨੇ ਪਹਿਲਾਂ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਲੰਡਨ ਗਿਆ ਸੀ। ਉਨ੍ਹਾਂ ਦੋਵਾਂ ਦੇ ਪਰਿਵਾਰ ਹੈਦਰਾਬਾਦ ਵਿੱਚ ਰਹਿੰਦੇ ਹਨ।
ਹਾਦਸੇ ਵਿੱਚ ਜ਼ਖਮੀ ਹੋਏ ਪੰਜ ਵਿਦਿਆਰਥੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ। ਸਾਈ ਗੌਤਮ ਰਾਵਲ ਨੂੰ ਵੈਂਟੀਲੇਸ਼ਨ 'ਤੇ ਰੱਖਿਆ ਗਿਆ ਹੈ, ਜਦੋਂ ਕਿ ਨੂਤਨ ਥੈਟਿਕਾਇਆਲਾ ਨੂੰ ਅੰਸ਼ਕ ਤੌਰ 'ਤੇ ਅਧਰੰਗ ਹੋ ਗਿਆ ਹੈ। ਹੋਰ ਜ਼ਖਮੀ ਵਿਦਿਆਰਥੀ ਯੁਵਾ ਤੇਜਾ ਰੈਡੀ ਗੁਰਰਾਮ, ਵਮਸ਼ੀ ਗੋਲਾ ਅਤੇ ਵੈਂਕਟ ਸੁਮੰਤ ਪੇਂਟਿਆਲਾ ਦਾ ਇਲਾਜ ਚੱਲ ਰਿਹਾ ਹੈ।
ਪੁਲਸ ਨੇ ਡਰਾਈਵਰ ਗੋਪੀਚੰਦ ਬਟਮਕਲਾ ਅਤੇ ਮਨੋਹਰ ਸਬਾਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਚੈਤਨਿਆ ਅਤੇ ਰਿਸ਼ੀਤੇਜਾ ਦੇ ਪਰਿਵਾਰ ਇਸ ਘਟਨਾ ਤੋਂ ਹੈਰਾਨ ਹਨ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।