ਮਾਮਲਾ ਭਾਰਤੀਆਂ ਨੂੰ ਯੂਕ੍ਰੇਨ ’ਚ ਭੇਜਣ ਦਾ: ਸੀ. ਬੀ. ਆਈ. ਦੇ ਰਡਾਰ ’ਤੇ ਰੂਸ ਦੇ 2 ਏਜੰਟ
Friday, Mar 08, 2024 - 08:30 PM (IST)
ਨਵੀਂ ਦਿੱਲੀ,(ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਮਨੁੱਖੀ ਸਮੱਗਲਿੰਗ ਦੇ ਗਿਰੋਹ ’ਚ ਸ਼ਾਮਲ ਰੂਸ ’ਚ ਰਹਿ ਰਹੇ ਉਨ੍ਹਾਂ 2 ਏਜੰਟਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਜੋ ਭਾਰਤੀਆਂ ਨੂੰ ਯੂਕ੍ਰੇਨ ਦੀ ਜੰਗ ਦੇ ਮੈਦਾਨ ’ਚ ਧੱਕਣ ’ਚ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਏਜੰਟਾਂ ਨੇ ਕਥਿਤ ਤੌਰ ’ਤੇ ਰੂਸ ਆਉਣ ਵਾਲੇ ਭਾਰਤੀਆਂ ਦੇ ਪਾਸਪੋਰਟ ਇਕੱਠੇ ਕੀਤੇ ਤੇ ਉਨ੍ਹਾਂ ਨੂੰ ਹਥਿਆਰਬੰਦ ਫੋਰਸਾਂ ਨਾਲ ਲੜਨ ਲਈ ਮਜਬੂਰ ਕੀਤਾ।
ਰੂਸ ਦੇ ਇਹ 2 ਏਜੰਟ ਸੀ. ਬੀ. ਆਈ. ਦੇ ਰਡਾਰ ’ਤੇ ਹਨ। ਇਨ੍ਹਾਂ ’ਚ ਰਾਜਸਥਾਨ ਦੀ ਰਹਿਣ ਵਾਲੀ ਕ੍ਰਿਸਟੀਨਾ ਤੇ ਮੋਇਨੂਦੀਨ ਸ਼ਾਮਲ ਹਨ। ਦੋਵੇਂ ਰੂਸ ’ਚ ਨੌਕਰੀਆਂ ਦਾ ਝਾਂਸਾ ਦੇ ਕੇ ਭਾਰਤੀ ਨੌਜਵਾਨਾਂ ਦੀ ਮਨੁਖੀ ਸਮੱਗਲਿੰਗ ਕਰਦੀਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਦੀ ਐੱਫ. ਆਈ. ਆਰ. ’ਚ ਭਾਰਤ ’ਚ ਫੈਲੀਆਂ 17 ਵੀਜ਼ਾ ਸਲਾਹਕਾਰ ਕੰਪਨੀਆਂ, ਉਨ੍ਹਾਂ ਦੇ ਮਾਲਕਾਂ ਤੇ ਏਜੰਟਾਂ ਦੇ ਨਾਂ ਦਰਜ ਕੀਤੇ ਗਏ ਹਨ। ਸੀ. ਬੀ. ਆਈ. ਨੇ ਇਨ੍ਹਾਂ ਸਾਰਿਆਂ ਵਿਰੁੱਧ ਅਪਰਾਧਿਕ ਸਾਜ਼ਿਸ਼, ਧੋਖਾਦੇਹੀ ਤੇ ਮਨੁੱਖੀ ਸਮੱਗਲਿੰਗ ਨਾਲ ਸਬੰਧਤ ਆਈ. ਪੀ. ਸੀ. ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ’ਚ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਰੂਸੀ ਸਰਕਾਰ ਨਾਲ ਕੂਟਨੀਤਕ ਪੱਧਰ ’ਤੇ ਗੱਲਬਾਤ ਕਰ ਕੇ ਘੱਟੋ-ਘੱਟ 20 ਭਾਰਤੀਆਂ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।