ਪੁਲਵਾਮਾ ਮੁਕਾਬਲੇ ’ਚ 2 ਅੱਤਵਾਦੀ ਢੇਰ, ਪ੍ਰਵਾਸੀ ਮਜ਼ੂਦਰਾਂ ਦੇ ਕਤਲ ’ਚ ਸਨ ਸ਼ਾਮਲ

04/28/2022 9:37:12 AM

ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ ’ਚ ਇਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਦੀ ਮੁਹਿੰਮ ’ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 2 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਅੱਤਵਾਦੀ ਅਲ ਬਦਰ ਨਾਲ ਜੁੜੇ ਸਨ ਅਤੇ ਜ਼ਿਲ੍ਹੇ ’ਚ ਗੈਰ ਸਥਾਨਕ ਮਜ਼ਦੂਰਾਂ ’ਤੇ ਹਮਲਿਆਂ ’ਚ ਸ਼ਾਮਲ ਸਨ। ਪੁਲਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਪੁਲਵਾਮਾ ਦੇ ਮਿੱਤਰੀਗਮ ਇਲਾਕੇ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲਾ ਸ਼ੁਰੂ ਹੋਇਆ।

ਇਕ ਪੁਲਸ ਅਧਿਕਾਰੀ ਨੇ ਕਿਹਾ, ‘‘ਜਦੋਂ ਸੁਰੱਖਿਆ ਫੋਰਸਾਂ ਦੇ ਜਵਾਨ ਸ਼ੱਕੀ ਥਾਂ ਦੇ ਚਾਰੋਂ ਪਾਸੇ ਘੇਰਾਬੰਦੀ ਕਰ ਰਹੇ ਸਨ, ਤਾਂ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਜਵਾਬੀ ਕਾਰਵਾਈ ’ਚ ਗੋਲੀਆਂ ਚਲਾਈਆਂ। ਮੁਕਾਬਲੇ ਵਿਚ 2 ਅੱਤਵਾਦੀ ਮਾਰੇ ਗਏ ਹਨ।’’ ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਗੋਲੀਬਾਰੀ ਤੋਂ ਬਾਅਦ ਨਾਗਰਿਕਾਂ ਨੂੰ ਕੱਢਣ ਲਈ ਮੁਹਿੰਮ ਰੋਕ ਦਿੱਤੀ ਗਈ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਦੋਵੇਂ ਅੱਤਵਾਦੀ ਸਥਾਨਕ ਵਾਸੀ ਸਨ। 

ਪੁਲਸ ਨੇ ਇੰਸਪੈਕਟਰ ਜਨਰਲ ਆਫ਼ ਪੁਲਸ ਵਿਜੇ ਕੁਮਾਰ ਦੇ ਹਵਾਲੇ ਤੋਂ ਟਵੀਟ ਕਰ ਕੇ ਕਿਹਾ ਕਿ ਮਾਰੇ ਗਏ ਦੋਵੇਂ ਅੱਤਵਾਦੀ ਅਲ-ਬਦਰ ਸੰਗਠਨ ਦੇ ਮੈਂਬਰ ਸਨ ਅਤੇ ਉਨ੍ਹਾਂ ਦੀ ਪਛਾਣ ਏਜਾਜ਼ ਹਾਫਿਜ਼ ਅਤੇ ਸ਼ਾਹਿਦ ਅਯੂਬ ਨਾਮੀ ਸਥਾਨਕ ਅੱਤਵਾਦੀਆਂ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਕੋਲੋਂ 2 ਏਕੇ ਰਾਈਫਲਾਂ ਬਰਾਮਦ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਕਸ਼ਮੀਰ ’ਚ ਇਸ ਮਹੀਨੇ ਮੁਕਾਬਲੇ ਦੀ ਇਹ 13ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਮੁਕਾਬਲਿਆਂ ’ਚ 20 ਅੱਤਵਾਦੀ ਮਾਰੇ ਜਾ ਚੁੱਕੇ ਹਨ। ਉੱਥੇ ਹੀ ਅਪ੍ਰੈਲ ’ਚ ਡਿਊਟੀ ਦੌਰਾਨ 4 ਸੁਰੱਖਿਆ ਕਰਮੀ ਸ਼ਹੀਦ ਹੋਏ ਹਨ।


Tanu

Content Editor

Related News