ਕੂਨੋ ਨੈਸ਼ਨਲ ਪਾਰਕ ''ਚ ਚੀਤਿਆਂ ਦੀ ਮੌਤ ਦਾ ਸਿਲਸਿਲਾ ਜਾਰੀ, 2 ਹੋਰ ਨੇ ਤੋੜਿਆ ਦਮ

05/25/2023 11:28:57 PM

ਭੋਪਾਲ (ਭਾਸ਼ਾ): ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਭਾਰਤ ਵਿਚ ਜਨਮੇ ਚੀਤੇ ਦੇ ਦੋ ਹੋਰ ਬੱਚਿਆਂ ਦੀ ਮੌਤ ਨੇ "ਪ੍ਰੋਜੈਕਟ ਚੀਤਾ" ਨੂੰ ਇਕ ਝਟਕਾ ਦਿੱਤਾ ਹੈ, ਜੋ ਕਿ ਦੇਸ਼ ਵਿਚ ਚੀਤਿਆਂ ਨੂੰ ਦੁਬਾਰਾ ਵਸਾਉਣ ਦੀ ਯੋਜਨਾ ਹੈ। ਇਸ ਤੋਂ ਬਾਅਦ ਕੇ.ਐੱਨ.ਪੀ. ਵਿਚ ਮਰਨ ਵਾਲੇ ਚੀਤੇ ਦੇ ਬੱਚਿਆਂ ਦੀ ਗਿਣਤੀ ਤਿੰਨ ਹੋ ਗਈ ਹੈ। 23 ਮਈ ਨੂੰ ਵੀ ਪਾਰਕ ਵਿਚ ਇਕ ਬੱਚੇ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸੇ ਦਿਨ ਹੀ ਦੁਪਹਿਰ ਨੂੰ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ ਸੀ, ਪਰ ਉਨ੍ਹਾਂ ਦੀ ਮੌਤ ਦੀ ਸੂਚਨਾ ਵੀਰਵਾਰ ਨੂੰ ਦਿੱਤੀ ਗਈ। ਹਾਲਾਂਕਿ ਇਨ੍ਹਾਂ ਦੋਵਾਂ ਬੱਚਿਆਂ ਦੀ ਇਕੋ ਦਿਨ ਮੌਤ ਹੋਣ ਦੀ ਜਾਣਕਾਰੀ ਨਾ ਦੇਣ ਪਿੱਛੇ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਵੱਡੀ ਵਾਰਦਾਤ, ਘਰੋਂ ਪਾਰਟੀ ਲਈ ਲੈ ਕੇ ਗਏ ਦੋਸਤਾਂ ਨੇ ਕਰ ਦਿੱਤਾ ਨੌਜਵਾਨ ਦਾ ਕਤਲ

ਇਕ ਅਧਿਕਾਰਤ ਬਿਆਨ ਮੁਤਾਬਕ 23 ਮਈ ਨੂੰ ਇਕ ਚੀਤੇ ਦੇ ਬੱਚੇ ਦੀ ਮੌਤ ਤੋਂ ਬਾਅਦ, ਨਿਗਰਾਨੀ ਟੀਮ ਨੇ ਮਾਦਾ ਚੀਤਾ ਜਵਾਲਾ ਅਤੇ ਉਸ ਦੇ ਬਾਕੀ ਬਚੇ ਤਿੰਨ ਬੱਚਿਆਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ। ਬਿਆਨ ਵਿਚ ਦੱਸਿਆ ਗਿਆ ਕਿ 23 ਮਈ ਨੂੰ ਨਿਗਰਾਨੀ ਟੀਮ ਨੇ ਪਾਇਆ ਕਿ ਤਿੰਨਾਂ ਬੱਚਿਆਂ ਦੀ ਹਾਲਤ ਠੀਕ ਨਹੀਂ ਹੈ ਅਤੇ ਉਨ੍ਹਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਬਚਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਸ ਸਮੇਂ ਦਿਨ ਦਾ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਦੇ ਕਰੀਬ ਸੀ। ਚੀਤੇ ਦੇ ਬੱਚੇ ਗੰਭੀਰ ਰੂਪ ਵਿਚ ਡੀਹਾਈਡ੍ਰੇਟਿਡ ਪਾਏ ਗਏ ਸਨ ਅਤੇ ਇਲਾਜ ਦੇ ਬਾਵਜੂਦ, ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਚੌਥੇ ਬੱਚੇ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਤੰਬਰ ਵਿਚ ਨਾਮੀਬੀਆ ਤੋਂ ਕੇ.ਐੱਨ.ਪੀ. ਆਉਣ ਤੋਂ ਬਾਅਦ ਜਵਾਲਾ ਨੇ ਮਾਰਚ ਦੇ ਆਖਰੀ ਹਫ਼ਤੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ। ਨਾਮੀਬੀਆਈ ਚੀਤਿਆਂ ਵਿਚੋਂ ਇਕ ਸਾਸ਼ਾ ਦੀ ਗੁਰਦੇ ਦੀ ਬਿਮਾਰੀ ਨਾਲ 27 ਮਾਰਚ ਨੂੰ ਮੌਤ ਹੋ ਗਈ ਸੀ। ਜਦੋਂਕਿ ਦੱਖਣੀ ਅਫ਼ਰੀਕਾ ਤੋਂ ਲਿਆਂਦੇ ਗਏ ਇਕ ਚੀਤੇ ਉਦੈ ਦੀ 13 ਅਪ੍ਰੈਲ ਨੂੰ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਤੋਂ ਲਿਆਂਦੀ ਗਈ ਮਾਦਾ ਚੀਤਾ ਦਕਸ਼ਾ ਦੀ ਵੀ ਇਸ ਸਾਲ 9 ਮਈ ਨੂੰ ਮੌਤ ਹੋ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - ਕਲਯੁਗੀ ਪੁੱਤ ਨੇ ਕਮਾਇਆ ਧ੍ਰੋਹ, ਪਿਓ ਨੂੰ ਟਰੈਕਟਰ ਨਾਲ ਕੁਚਲ ਕੇ ਮਾਰਿਆ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

1947 ਵਿਚ ਛੱਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਵਿਚ ਆਖਰੀ ਚੀਤੇ ਦੇ ਸ਼ਿਕਾਰ ਤੋਂ ਬਾਅਦ ਜਵਾਲਾ ਦੇ ਚਾਰ ਬੱਚੇ ਭਾਰਤ ਦੀ ਧਰਤੀ 'ਤੇ ਪੈਦਾ ਹੋਣ ਵਾਲੇ ਪਹਿਲੇ ਚੀਤੇ ਸਨ। ਤਿੰਨ ਬੱਚਿਆਂ ਤੋਂ ਇਲਾਵਾ, ਦੱਖਣੀ ਅਫਰੀਕਾ ਅਤੇ ਨਾਮੀਬੀਆ ਤੋਂ ਲਿਆਂਦੇ ਗਏ 20 ਬਾਲਗ ਚੀਤਿਆਂ ਵਿਚੋਂ ਤਿੰਨ ਦੀ ਕੇ.ਐੱਨ.ਪੀ. ਵਿਚ ਮੌਤ ਹੋ ਗਈ ਹੈ। ਇਨ੍ਹਾਂ ਚੀਤਿਆਂ ਨੂੰ ਪਿਛਲੇ ਸਾਲ ਸਤੰਬਰ ਅਤੇ ਇਸ ਸਾਲ ਫਰਵਰੀ ਵਿੱਚ ਕ੍ਰਮਵਾਰ ਨਾਮੀਬੀਆ ਅਤੇ ਦੱਖਣੀ ਅਫਰੀਕਾ ਤੋਂ ਕੇ.ਐੱਨ.ਪੀ. ਵਿਚ ਲਿਆਂਦਾ ਗਿਆ ਸੀ। ਧਰਤੀ 'ਤੇ ਸਭ ਤੋਂ ਤੇਜ਼ੀ ਨਾਲ ਦੌੜਨ ਵਾਲੇ ਇਸ ਜੰਗਲੀ ਜੀਵ ਨੂੰ 1952 ਵਿਚ ਦੇਸ਼ ਵਿਚ ਅਲੋਪ ਘੋਸ਼ਿਤ ਕੀਤਾ ਗਿਆ ਸੀ। 17 ਸਤੰਬਰ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਯੋਜਿਤ ਇਕ ਸਮਾਗਮ ਵਿਚ ਨਾਮੀਬੀਆ ਤੋਂ ਲਿਆਂਦੀਆਂ ਗਈਆਂ ਪੰਜ ਮਾਦਾ ਅਤੇ ਤਿੰਨ ਨਰ ਚੀਤਿਆਂ ਨੂੰ ਕੇ.ਐੱਨ.ਪੀ. ਵਿਖੇ ਛੱਡ ਦਿੱਤਾ ਗਿਆ ਸੀ। ਹੋਰ 12 ਚੀਤੇ ਫਰਵਰੀ 2023 ਵਿਚ ਦੱਖਣੀ ਅਫ਼ਰੀਕਾ ਤੋਂ ਲਿਆਂਦੇ ਗਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News