ਦੋ ਉਦਯੋਗਪਤੀਆਂ ਵਲੋਂ 15 ਹਜ਼ਾਰ ਕਰੋੜ ਰੁਪਏ ਦਾ GST ਘਪਲਾ, ਕ੍ਰਾਈਮ ਬਰਾਂਚ ਨੇ ਕੀਤਾ ਗ੍ਰਿਫਤਾਰ
Thursday, Mar 21, 2024 - 09:52 AM (IST)
ਨੋਇਡਾ- 15 ਹਜ਼ਾਰ ਕਰੋੜ ਰੁਪਏ ਦੇ ਫਰਜ਼ੀ ਜੀ. ਐੱਸ. ਟੀ. ਘਪਲੇ ’ਚ ਹਰਿਆਣਾ ਦੇ ਸੋਨੀਪਤ ਤੋਂ ਦੋ ਉਦਯੋਗਪਤੀਆਂ ਨੂੰ ਇਸ ਵਾਰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਉਹ ਇਸ ਧੋਖਾਧੜੀ ਨਾਲ ਜੁੜੇ ਲੋਕਾਂ ਤੋਂ ਜਾਅਲੀ ਬਿੱਲ ਲੈ ਕੇ ਉਸ ਆਧਾਰ ’ਤੇ ਸਰਕਾਰ ਤੋਂ ਕਰੋੜਾਂ ਰੁਪਏ ਦੀ ਆਈ. ਟੀ. ਸੀ. (ਇਨਪੁਟ ਟੈਕਸ ਕ੍ਰੈਡਿਟ) ਲੈ ਕੇ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾ ਰਹੇ ਸਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਅਜੇ ਸ਼ਰਮਾ ਪੁੱਤਰ ਰਾਮਨਿਵਾਸ ਸ਼ਰਮਾ ਅਤੇ ਸੰਜੇ ਜਿੰਦਲ ਪੁੱਤਰ ਰਾਜਿੰਦਰ ਜਿੰਦਲ ਵਾਸੀ ਗੁੜ ਮੰਡੀ ਸੋਨੀਪਤ ਵਜੋਂ ਹੋਈ ਹੈ। ਪੁਲਸ ਅਨੁਸਾਰ ਇਕ ਮੁਲਜ਼ਮ ਸੰਜੇ ਜਿੰਦਲ ਮੈਸਰਜ਼ ਏ .ਐੱਸ. ਬ੍ਰਾਊਨ ਮੈਟਲ ਐਂਡ ਅਲਾਇ ਪ੍ਰਾਈਵੇਟ ਲਿਮਟਿਡ ਅਤੇ ਦੂਜਾ ਅਜੇ ਸ਼ਰਮਾ ਮੈਸਰਜ਼ ਕ੍ਰਿਸਟਲ ਮੈਟਲ ਇੰਡਸਟਰੀਜ਼ ਦੇ ਮਾਲਕ ਹਨ।
ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਨੇ ਕਈ ਸੌ ਕਰੋੜ ਰੁਪਏ ਦੀ ਆਈ. ਟੀ. ਸੀ. ਦੀ ਧੋਖਾੜੀ ਕੀਤੀ। ਸੰਜੇ ਜਿੰਦਲ ਨੇ ਲਗਭਗ 17 ਕਰੋੜ ਰੁਪਏ ਅਤੇ ਅਜੇ ਸ਼ਰਮਾ ਨੇ 8.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਮੁਲਜ਼ਮਾਂ ਨੇ ਕਰੋੜਾਂ ਰੁਪਏ ਦਾ ਗਬਨ ਕੀਤਾ। ਉਹ ਫਾਰਮ ਤਿਆਰ ਕਰਵਾਉਂਦੇ ਸਨ। ਉਹ ਜਾਅਲੀ ਜੀ. ਐੱਸ. ਟੀ. ਫਾਰਮਾਂ ਤੋਂ ਜਾਅਲੀ ਚਲਾਨ ਅਤੇ ਬਿਲ ਬਣਾ ਕੇ ਨਾਜਾਇਜ਼ ਮੁਨਾਫਾ ਕਮਾਉਂਦੇ ਸਨ।