‘ਦੇਸ਼ ਛੇਤੀ 2 ਚਾਣਕਿਆ ਅਮਿਤ ਸ਼ਾਹ ਅਤੇ ਪੀ. ਕੇ. ਵਿਚਾਲੇ ਵੇਖੇਗਾ ਸਿਆਸੀ ਜੰਗ’

Tuesday, Aug 10, 2021 - 10:58 AM (IST)

ਨਵੀਂ ਦਿੱਲੀ– ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਦੇਸ਼ ਨੂੰ ਛੇਤੀ ਹੀ ਭਾਜਪਾ ਦੇ ਚਾਣਕਿਆ ਅਮਿਤ ਸ਼ਾਹ ਅਤੇ ਵਿਰੋਧੀ ਧਿਰ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਵਿਚਾਲੇ ਸਿਆਸੀ ਜੰਗ ਦੇਖਣ ਨੂੰ ਮਿਲੇਗੀ। ਦੋਵੇਂ ਹੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਮੁਹਿੰਮ ਦੇ ਮੁੱਖ ਰਣਨੀਤੀਕਾਰ ਸਨ ਪਰ ਬਾਅਦ ਵਿਚ ਦੋਵੇਂ ਵੱਖ ਹੋ ਗਏ। ਕਾਂਗਰਸ ਪ੍ਰਸ਼ਾਂਤ ਕਿਸ਼ੋਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਮੁੱਖ ਚੋਣ ਰਣਨੀਤੀਕਾਰ ਦੇ ਰੂਪ ਵਿਚ ਚੁਣਨ ਦੀ ਤਿਆਰੀ ਵਿਚ ਹੈ। ਇਹ ਫੈਸਲਾ ਅਗਲੇ ਹਫਤੇ ਤੱਕ ਲਿਆ ਜਾ ਸਕਦਾ ਹੈ।

ਪੀ. ਕੇ. ਇਸ ਕੰਮ ਲਈ ਕੋਈ ਫੀਸ ਨਹੀਂ ਲਵੇਗਾ ਕਿਉਂਕਿ ਉਹ ਰਸਮੀ ਤੌਰ ’ਤੇ ਕਾਂਗਰਸ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ। ਪੀ. ਕੇ. ਨੇ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਤਿੰਨਾਂ ਨੂੰ ਦੱਸ ਦਿੱਤਾ ਹੈ ਕਿ ਜੇ ਉਨ੍ਹਾਂ ਨੂੰ ਕਾਂਗਰਸ ਵਿਚ ਲਿਆ ਜਾਂਦਾ ਹੈ ਤਾਂ ਉਹ ਵਿਧਾਨ ਸਭਾ ਚੋਣਾਂ ਸਮੇਤ 2024 ਦੀਆਂ ਲੋਕ ਸਭਾ ਚੋਣਾਂ ਤੱਕ ਪਾਰਟੀ ਦੀ ਸਾਰੀ ਚੋਣ ਰਣਨੀਤੀ ਖੁਦ ਦੇਖਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਹੀ ਰਣਨੀਤੀ ਅਪਣਾਈ ਜਾਵੇ ਤਾਂ ਪੰਜਾਬ ਵਿਚ ਸੱਤਾ ਬਰਕਰਾਰ ਰੱਖ ਕੇ ਉੱਤਰਾਖੰਡ ਵਿਚ ਸੱਤਾ ਹਾਸਲ ਕੀਤੀ ਜਾ ਸਕਦੀ ਹੈ। ਪੀ. ਕੇ. ਆਪਣੀ ਸ਼ੁਰੂਆਤ ਗੁਜਰਾਤ ਅਤੇ ਕਰਨਾਟਕ ਤੋਂ ਕਰਨਾ ਚਾਹੁੰਦੇ ਹਨ, ਜਿਥੇ ਨਵੰਬਰ 2022 ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਦੋਵਾਂ ਸੂਬਿਆਂ ’ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਹੈ।

ਪੀ. ਕੇ. ਦਾ ਕਹਿਣਾ ਹੈ ਕਿ ਗੁਜਰਾਤ ਵਿਚ 27 ਸਾਲਾਂ ਤੋਂ ਸੱਤਾਧਾਰੀ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਪੀ. ਕੇ. ਨੂੰ ਕਾਂਗਰਸ ਵਿਚ ਲੈਣ ਤੋਂ ਪਹਿਲਾਂ ਸੋਨੀਆ ਗਾਂਧੀ ਕਾਂਗਰਸ ਕਾਰਜ ਕਮੇਟੀ ਦੇ ਸਾਰੇ ਮੈਂਬਰਾਂ ਦੀ ਹਾਂ ’ਤੇ ਮੋਹਰ ਲਗਾਉਣਾ ਚਾਹੁੰਦੀ ਹੈ। ਕੁਝ ਗਰੁੱਪ ਬਣਾ ਕੇ ਕਾਂਗਰਸ ਕਾਰਜ ਕਮੇਟੀ ਦੇ ਮੈਂਬਰਾਂ ਦੇ ਨਾਲ ਪੀ. ਕੇ. ਦੇ ਵਿਸ਼ੇ ’ਤੇ ਮੰਥਨ ਚੱਲ ਰਿਹਾ ਹੈ। ਰਾਜ ਸਭਾ ਦੇ ਕੁਝ ਮੈਂਬਰਾਂ ਨੇ ਪੀ. ਕੇ. ਨੂੰ ਲੈ ਕੇ ਝਿਜਕ ਦਿਖਾਈ ਹੈ।


Rakesh

Content Editor

Related News