5 ਸਾਲਾਂ ''ਚ ਦੇਸ਼ ਭਰ ਤੋਂ ਲਾਪਤਾ ਹੋਏ 2.75 ਲੱਖ ਬੱਚੇ, ਜਿਨ੍ਹਾਂ ''ਚ 2 ਲੱਖ ਤੋਂ ਵੱਧ ਕੁੜੀਆਂ
Friday, Jul 28, 2023 - 06:28 PM (IST)
ਨਵੀਂ ਦਿੱਲੀ- ਪਿਛਲੇ 5 ਸਾਲਾਂ 'ਚ ਦੇਸ਼ ਭਰ ਤੋਂ 2 ਲੱਖ 75 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹੋ ਗਏ ਹਨ। ਲਾਪਤਾ ਬੱਚਿਆਂ 'ਚ 2 ਲੱਖ, 12 ਹਜ਼ਾਰ ਕੁੜੀਆਂ ਹਨ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਪਿਛਲੇ ਹਫ਼ਤੇ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਲੋਕ ਸਭਾ 'ਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 2018 ਤੋਂ ਜੂਨ 2023 ਤੱਕ ਕੁੱਲ 2,75,125 ਬੱਚੇ ਲਾਪਤਾ ਹੋਏ, ਜਿਨ੍ਹਾਂ 'ਚੋਂ 2,12,825 ਕੁੜੀਆਂ ਹਨ। ਲੋਕ ਸਭਾ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ 2 ਲੱਖ 40 ਹਜ਼ਾਰ (2,40,502) ਬੱਚਿਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ 'ਚ 1,73,786 (1.73 ਲੱਖ) ਕੁੜੀਆਂ ਹਨ। ਦੇਸ਼ 'ਚ ਅਜੇ ਵੀ 35 ਹਜ਼ਾਰ ਬੱਚੇ ਲਾਪਤਾ ਹਨ, ਜੋ ਅਜੇ ਤੱਕ ਤਲਾਸ਼ੇ ਨਹੀਂ ਜਾ ਸਕੇ।
ਇਕ ਲਿਖਤੀ ਜਵਾਬ 'ਚ ਸਮ੍ਰਿਤੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਚਾਈਲਡ ਹੈਲਪਲਾਈਨ ਲਾਪਤਾ ਬੱਚੇ ਦਾ ਪਤਾ ਲਗਾਉਣ ਲਈ ਦੇਸ਼ ਭਰ 'ਚ ਕੰਮ ਕਰ ਰਹੀ ਹੈ। ਲਾਪਤਾ ਬੱਚਿਆਂ ਦਾ ਪਤਾ ਲਗਾਉਣ ਲਈ ਇਕ ਟਰੈਕ ਚਾਈਲਡ ਪੋਰਟਲ ਵੀ ਹੈ। ਸਭ ਤੋਂ ਜ਼ਿਆਦਾ ਬੱਚੇ ਮੱਧ ਪ੍ਰਦੇਸ਼ ਤੋਂ ਗਾਇਬ ਹੋਏ ਹਨ। ਮੱਧ ਪ੍ਰਦੇਸ਼ ਤੋਂ ਲਾਪਤਾ ਬੱਚਿਆਂ ਦੀ ਗਿਣਤੀ 61 ਹਜ਼ਾਰ ਤੋਂ ਵੱਧ ਹੈ। ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਪੱਛਮੀ ਬੰਗਾਲ ਦੂਜੇ ਨੰਬਰ 'ਤੇ ਹੈ। ਇਸ ਰਾਜ ਦੇ 49 ਹਜ਼ਾਰ ਤੋਂ ਜ਼ਿਆਦਾ ਬੱਚੇ ਲਾਪਤਾ ਹਨ। ਰਿਪੋਰਟ ਅਨੁਸਾਰ, 7 ਸੂਬਿਆਂ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਕਰਨਾਟਕ, ਗੁਜਰਾਤ, ਦਿੱਲੀ ਅਤੇ ਛੱਤੀਸਗੜ੍ਹ 'ਚ ਲਾਪਤਾ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਨ੍ਹਾਂ ਰਾਜਾਂ 'ਚ ਲਾਪਤਾ ਬੱਚਿਆਂ ਦੀ ਗਿਣਤੀ 2 ਲੱਖ 14 ਹਜ਼ਾਰ 664 ਹੈ। ਯਾਨੀ ਕੁੱਲ ਲਾਪਤਾ ਬੱਚਿਆਂ 'ਚੋਂ 78 ਫੀਸਦੀ ਬੱਚੇ ਇਨ੍ਹਾਂ 7 ਰਾਜਾਂ ਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8