'84 ਕਤਲੇਆਮ : 34 ਸਾਲਾਂ ਬਾਅਦ ਮਿਲਿਆ ਨਿਆਂ ਸਾਡੇ ਲਈ ਇਕ 'ਤੋਹਫਾ'

Wednesday, Nov 21, 2018 - 02:17 PM (IST)

ਨਵੀਂ ਦਿੱਲੀ (ਭਾਸ਼ਾ)— 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਸਬੰਧੀ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਈ, ਜਿਸ ਦਾ ਪੀੜਤ ਪਰਿਵਾਰਾਂ ਨੇ  ਸਵਾਗਤ ਕੀਤਾ ਹੈ। ਦੰਗਿਆਂ 'ਚ ਮਾਰੇ ਗਏ ਹਰਦੇਵ ਦੇ ਭਰਾ ਸੰਤੋਖ ਸਿੰਘ ਨੇ ਕਿਹਾ, ''34 ਸਾਲਾਂ ਵਿਚ ਅਜਿਹਾ ਵੀ ਸਮਾਂ ਆਇਆ, ਜਦੋਂ ਮੈਂ ਖੁਦ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਕੋਰਟ ਦੇ ਫੈਸਲੇ ਤੋਂ ਬਾਅਦ ਨਿਆਪਾਲਿਕਾ ਵਿਚ ਮੇਰਾ ਵਿਸ਼ਵਾਸ ਬਹਾਲ ਹੋਇਆ ਹੈ।'' ਸੰਤੋਖ ਸਿੰਘ ਨੇ ਇਸ ਫੈਸਲੇ ਨੂੰ ਇਕ ਤੋਹਫਾ ਦੱਸਿਆ। ਉਨ੍ਹਾਂ ਕਿਹਾ ਕਿ ਫੈਸਲਾ ਨਿਆਪਾਲਿਕਾ ਵਲੋਂ ਸਾਡੇ ਪਰਿਵਾਰ ਨੂੰ ਇਕ ਤੋਹਫਾ ਹੈ, ਉਨ੍ਹਾਂ ਨੇ ਇੰਨੇ ਸਾਲਾਂ ਵਿਚ ਬਹੁਤ ਕੁਝ ਝੱਲਿਆ ਹੈ। ਇੱਥੇ ਦੱਸ ਦੇਈਏ ਕਿ ਅਦਾਲਤ ਨੇ ਮੰਗਲਵਾਰ ਨੂੰ 1984 ਦੰਗਿਆਂ ਦੇ ਇਕ ਮਾਮਲੇ ਵਿਚ ਇਕ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਅਤੇ ਇਕ ਹੋਰ ਦੋਸ਼ੀ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਦੋਹਾਂ ਦੋਸ਼ੀਆਂ 'ਤੇ 35-35 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਹ ਰਕਮ ਪੀੜਤਾਂ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੇ ਤੌਰ 'ਤੇ ਦਿੱਤੇ ਜਾਣ ਦਾ ਨਿਰਦੇਸ਼ ਦਿੱਤਾ।


ਦੰਗਿਆਂ ਦੌਰਾਨ ਮਾਰੇ ਗਏ ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਵਲੋਂ ਦਾਇਰ ਪਟੀਸ਼ਨ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਹੁਕਮਾਂ 'ਤੇ ਸਾਲ 2015 ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.)  ਬਣਾਈ ਗਈ ਸੀ। ਇਹ ਮਾਮਲਾ ਜਸਟਿਸ ਜੇ. ਡੀ. ਜੈਨ ਅਤੇ ਡੀ. ਕੇ. ਅਗਰਵਾਲ ਦੀ ਕਮੇਟੀ ਦੀ ਸਿਫਾਰਿਸ਼ 'ਤੇ 1993 ਵਿਚ ਵਸੰਤ ਕੁੰਜ ਵਿਚ ਦਰਜ ਕੀਤਾ ਗਿਆ ਸੀ। ਇਸ ਸਿਫਾਰਿਸ਼ ਦਾ ਆਧਾਰ ਸੰਤੋਖ ਸਿੰਘ ਦਾ 9 ਸਤੰਬਰ 1985 ਨੂੰ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਦਾਇਰ ਹਲਫਨਾਮਾ ਸੀ। ਦਿੱਲੀ ਪੁਲਸ ਦੇ ਦੰਗਾ ਰੋਕੂ ਸੈੱਲ ਨੇ ਜਾਂਚ ਕੀਤੀ ਸੀ ਪਰ ਸਬੂਤਾਂ ਦੀ ਘਾਟ  ਕਾਰਨ ਇਸ ਮਾਮਲੇ ਨੂੰ 1994 ਵਿਚ ਬੰਦ ਕਰ ਦਿੱਤਾ ਗਿਆ ਸੀ। 

ਘਟਨਾ ਬਾਰੇ ਦੱਸਦਿਆਂ ਸੰਤੋਖ ਸਿੰਘ ਨੇ ਕਿਹਾ ਅੱਜ ਵੀ ਇਹ ਸਭ ਯਾਦ ਕਰ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। 1 ਨਵੰਬਰ 1984 ਨੂੰ ਹਰਦੇਵ ਸਿੰਘ, ਕੁਲਦੀਪ ਸਿੰਘ ਅਤੇ ਸੰਗਤ ਸਿੰਘ ਤਿੰਨੋਂ ਮਹਿਪਾਲਪੁਰ ਵਿਚ ਆਪਣੀ ਕਰਿਆਨੇ ਦੀ ਦੁਕਾਨ 'ਤੇ ਸਨ, ਜਿਸ ਨੂੰ ਕਰੀਬ 800 ਲੋਕਾਂ ਦੀ ਹਿੰਸਕ ਭੀੜ ਨੇ ਨਿਸ਼ਾਨਾ ਬਣਾਇਆ। ਹਰਦੇਵ, ਕੁਲਦੀਪ, ਸੰਗਤ ਨੇ ਦੁਕਾਨ ਬੰਦ ਕੀਤੀ ਅਤੇ ਪਹਿਲੀ ਮੰਜ਼ਲ 'ਤੇ ਆਪਣੇ ਕਿਰਾਏਦਾਰ ਸੁਰਜੀਤ ਸਿੰਘ ਦੇ ਘਰ ਲੁੱਕਣ ਲਈ ਦੌੜੇ। ਕੁਝ ਹੀ ਦੇਰ ਬਾਅਦ ਦੌੜ ਕੇ ਆਪਣੀ ਜਾਨ ਬਚਾਉਂਦੇ ਹੋਏ ਅਵਤਾਰ ਸਿੰਘ ਵੀ ਉੱਥੇ ਆ ਗਏ। ਇਨ੍ਹਾਂ ਲੋਕਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਉਨ੍ਹਾਂ ਦੀ ਦੁਕਾਨ ਸਾੜ ਕੇ ਭੀੜ ਸੁਰਜੀਤ ਦੇ ਘਰ ਆਈ ਅਤੇ ਦਰਵਾਜ਼ਾ ਤੋੜ ਕੇ ਹਮਲਾ ਕਰ ਦਿੱਤਾ। ਹਰਦੇਵ ਅਤੇ ਸੁਰਜੀਤ ਨੂੰ ਚਾਕੂ ਮਾਰਿਆ ਗਿਆ। ਫਿਰ ਸਾਰਿਆਂ ਨੂੰ ਬਾਲਕਨੀ ਤੋਂ ਹੇਠਾਂ ਸੁੱਟ ਦਿੱਤਾ ਗਿਆ। ਦੋਸ਼ੀਆਂ ਨੇ ਕਮਰੇ ਵਿਚ ਮਿੱਟੀ ਤੇਲ ਦਾ ਤੇਲ ਸੁੱਟ ਕੇ ਅੱਗ ਲਾ ਦਿੱਤੀ। ਜ਼ਖਮੀਆਂ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਅਵਤਾਰ ਸਿੰਘ ਅਤੇ ਹਰਦੇਵ ਸਿੰਘ ਦੀ ਮੌਤ ਹੋ ਗਈ। ਬਾਕੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ, ਜਿਨ੍ਹਾਂ ਦਾ ਲੰਬੇ ਸਮੇਂ ਇਲਾਜ ਚਲਿਆ। 


Related News