1975 ਐਮਰਜੈਂਸੀ ਇਕ ਪੁਰਾਣਾ ਮੁੱਦਾ ਹੈ, ਇਸ ਨੂੰ ਦਫਨਾ ਦੇਣਾ ਚਾਹੀਦੈ: ਰਾਊਤ
Sunday, Mar 07, 2021 - 06:36 PM (IST)
ਮੁੰਬਈ— ਸ਼ਿਵ ਸੈਨਾ ਨੇਤਾ ਸੰਜੈ ਰਾਊਤ ਨੇ ਕਿਹਾ ਕਿ 1975 ਦੀ ਐਮਰਜੈਂਸੀ ਇਕ ਪੁਰਾਣਾ ਮੁੱਦਾ ਹੈ, ਇਸ ਨੂੰ ਹਮੇਸ਼ਾ ਲਈ ਦਫਨਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦੇਸ਼ ਵਿਚ ਮੌਜੂਦਾ ਸਥਿਤੀ ਅਜਿਹੀ ਹੈ ਕਿ ਕੋਈ ਵੀ ਕਹਿ ਸਕਦਾ ਹੈ ਕਿ ਐਮਰਜੈਂਸੀ ਦਾ ਦੌਰ ਇਸ ਤੋਂ ਬਿਹਤਰ ਸੀ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿਚ ਪ੍ਰਕਾਸ਼ਿਤ ਆਪਣੇ ਹਫ਼ਤਾਵਾਰੀ ਕਾਲਮ ‘ਰੋਕ-ਟੋਕ’ ਵਿਚ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਰਾਊਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਆਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਾਈ ਗਈ ਐਮਰਜੈਂਸੀ ’ਤੇ ਦੁੱਖ਼ ਜ਼ਾਹਰ ਕਰਨ ਦੇ ਕਦਮ ’ਤੇ ਸਵਾਲ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਾਉਣ ਦੇ ਫ਼ੈਸਲੇ ਲਈ ਸਜ਼ਾ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਪਰ ਬਾਅਦ ’ਚ ਉਨ੍ਹਾਂ ਨੂੰ ਵਾਪਸ ਸੱਤਾ ’ਚ ਲਿਆ ਕੇ ਮੁਆਫ਼ ਕਰ ਦਿੱਤਾ। ਐਮਰਜੈਂਸੀ ਇਕ ਪੁਰਾਣਾ ਮੁੱਦਾ ਹੈ। ਇਸ ਦੀ ਚਰਚਾ ਵਾਰ-ਵਾਰ ਕਿਉਂ ਕੀਤੀ ਜਾਵੇ? ਇਸ ਮੁੱਦੇ ਨੂੰ ਸਥਾਈ ਰੂਪ ਨਾਲ ਦਫਨਾ ਦੇਣਾ ਚਾਹੀਦਾ ਹੈ।
ਰਾਊਤ ਨੇ ਰਾਹੁਲ ਗਾਂਧੀ ਨੂੰ ਇਕ ਸਪੱਸ਼ਟ ਅਤੇ ਸਰਲ ਵਿਅਕਤੀ ਦੱਸਿਆ। ਉਨ੍ਹਾਂ ਦੀਆਂ ਟਿੱਪਣੀਆਂ ਨਾਲ ਇਕ ਵਾਰ ਫਿਰ ਇਸ ਮੁੱਦੇ ’ਤੇ ਬਹਿਸ ਸ਼ੁਰੂ ਹੋ ਗਈ। 1975 ਦੀ ਐਮਰਜੈਂਸੀ ਅਸਾਧਾਰਨ ਹਲਾਤਾਂ ਵਿਚ ਲਾਈ ਗਈ ਸੀ। ਰਾਊਤ ਨੇ ਕਿਹਾ ਕਿ ਹਾਲ ਹੀ ਵਿਚ ਆਮਦਨ ਟੈਕਸ ਮਹਿਕਮੇ ਨੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ, ਅਭਿਨੇਤਰੀ ਤਾਪਸੀ ਪਨੂੰ ਦੇ ਘਰ ਛਾਪੇ ਮਾਰੇ, ਜਦੋਂ ਉਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਬੋਲਿਆ। ਉਨ੍ਹਾਂ ਨੇ ਕਿਹਾ ਕਿ ਮੀਡੀਆ ਘਰਾਣਿਆਂ ’ਤੇ ਸਿਆਸੀ ਕੰਟਰੋਲ, ਚੋਣ ਜਿੱਤਣ ਅਤੇ ਵਿਰੋਧੀ ਧਿਰ ਨੂੰ ਤੋੜਨ ਦੀ ਸਿਆਸੀ ਰਣਨੀਤੀ, ਸੰਵਿਧਾਨਕ ਮਾਪਦੰਡਾਂ ਦੀ ਅਣਦੇਖੀ ਕਰਨਾ- ਅੱਜ ਦੀਆਂ ਇਹ ਸਾਰੀਆਂ ਚੀਜ਼ਾਂ ਠੀਕ ਉਂਝ ਹੀ ਹਨ, ਜਿਵੇਂ 1975 ਵਿਚ ਹੋਈ ਸੀ। ਇੰਦਰਾ ਗਾਂਧੀ ਦੀ ਥਾਂ ਨਰਿੰਦਰ ਮੋਦੀ ਨੇ ਲੈ ਲਈ ਹੈ।