ਜੰਮੂ-ਕਸ਼ਮੀਰ ''ਚ ਹੁਣ ਤਕ ਮਾਰੇ ਗਏ 190 ਅੱਤਵਾਦੀ, ਅੱਤਵਾਦੀ ਹਿੰਸਾ ਦਾ ਰਾਹ ਛੱਡਣ : ਸੰਧੂ

11/20/2017 8:59:59 AM

ਸ਼੍ਰੀਨਗਰ/ਜੰਮੂ — ਫੌਜ ਦੇ ਆਪ੍ਰੇਸ਼ਨ ਆਲਆਊਟ ਤਹਿਤ ਉੱਤਰ ਕਸ਼ਮੀਰ ਦੇ ਬਾਂਦੀਪੁਰਾ ਦੇ ਹਾਜਿਨ 'ਚ ਅੱਤਵਾਦੀਆਂ ਖਿਲਾਫ ਸੁਰੱਖਿਆ ਬਲਾਂ ਨੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਜਕੀ-ਉਰ-ਰਹਿਮਾਨ ਲਖਵੀ ਦੇ ਭਾਣਜੇ ਸਣੇ 6 ਅੱਤਵਾਦੀਆਂ ਨੂੰ ਮਾਰ-ਮੁਕਾਇਆ ਸੀ।
ਇਸ ਸਬੰਧੀ ਸ਼੍ਰੀਨਗਰ 'ਚ ਜੰਮੂ-ਕਸ਼ਮੀਰ ਪੁਲਸ ਦੇ ਡੀ. ਜੀ. ਪੀ. ਐੱਸ. ਪੀ. ਵੈਦ ਅਤੇ ਫੌਜ ਦੀ 15ਵੀਂ ਕੋਰ ਦੇ ਜੀ. ਓ. ਸੀ. ਲੈਫਟੀਨੈਂਟ ਜਨਰਲ ਜੇ. ਐੱਸ. ਸੰਧੂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ੀ 'ਚ ਮਾਰੇ ਗਏ ਸਾਰੇ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਸਨ। ਜੀ. ਓ. ਸੀ. ਸੰਧੂ ਨੇ ਕਿਹਾ ਕਿ ਸਥਾਨਕ ਅੱਤਵਾਦੀ ਜੇਕਰ ਹਿੰਸਾ ਦਾ ਰਾਹ ਛੱਡਣਾ ਚਾਹੁੰਦੇ ਹਨ ਤਾਂ ਜਾਰੀ ਹੈਲਪਲਾਈਨ ਨੰਬਰ 'ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਹੁਣ ਤਕ 190 ਅੱਤਵਾਦੀਆਂ ਨੂੰ ਮਾਰ-ਮੁਕਾਇਆ ਗਿਆ। ਮਾਰੇ ਗਏ ਇਨ੍ਹਾਂ ਅੱਤਵਾਦੀਆਂ 'ਚੋਂ 80 ਸਥਾਨਕ ਅੱਤਵਾਦੀ, ਜਦਕਿ 110 ਵਿਦੇਸ਼ੀ ਮਾਰੇ ਗਏ। ਉਧਰ 110 ਅੱਤਵਾਦੀਆਂ 'ਚੋਂ 66 ਅੱਤਵਾਦੀ ਸਰਹੱਦ ਪਾਰ ਕਰਦੇ ਸਮੇਂ ਮਾਰੇ ਗਏ।
ਉਨ੍ਹਾਂ ਅੱਗੇ ਕਿਹਾ ਕਿ ਸੂਬੇ 'ਚ ਵਰਣਨਯੋਗ ਤਬਦੀਲੀ ਨਜ਼ਰ ਆ ਰਹੀ ਹੈ। ਹਾਜਿਨ 'ਚ ਸਤੰਬਰ ਮਹੀਨੇ 'ਚ ਕਈ ਆਪ੍ਰੇਸ਼ਨ ਕੀਤੇ ਗਏ। ਇਸ ਦੇ ਮਗਰੋਂ ਲਗਾਤਾਰ ਘਾਟੀ 'ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਅੱਤਵਾਦੀਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਖੁਦ ਨੂੰ ਮੁਜਾਹਿਦ ਕਹਿਣਾ ਬਹੁਤ ਸੌਖਾ ਹੈ ਪਰ ਕੀ ਤੁਸੀਂ ਮੁਜਾਹਿਦ ਹੋ ਜਾਂ ਪਾਕਿਸਤਾਨ ਲਈ ਇਕ ਪ੍ਰਾਕਸੀਵਾਰ? ਮੁੱਖ ਧਾਰਾ 'ਚ ਵਾਪਸ ਆਓ, ਇਸ ਨਾਲ ਘਾਟੀ 'ਚ ਸ਼ਾਂਤੀ ਵਾਪਸ ਆਵੇਗੀ। 
ਉਧਰ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਐੱਸ. ਪੀ. ਵੈਦ ਨੇ ਕਿਹਾ ਕਿ ਕਸ਼ਮੀਰ ਘਾਟੀ ਨੂੰ ਅੱਤਵਾਦ, ਬੰਦੂਕ ਤੇ ਨਸ਼ੇ ਤੋਂ ਮੁਕਤ ਕਰਨਾ ਹੈ। ਸਾਡੀਆਂ ਏਜੰਸੀਆਂ ਤੇ ਜਵਾਨਾਂ ਦਾ ਸਾਂਝਾ ਵਾਰ ਸ਼ਲਾਘਾਯੋਗ ਹੈ। ਆਸ ਕਰਦੇ ਹਾਂ ਕਿ ਅਸੀਂ ਬਹੁਤ ਜਲਦੀ ਕਸ਼ਮੀਰ ਨੂੰ ਹਿੰਸਾ ਤੋਂ ਮੁਕਤ ਦੇਖਾਂਗੇ।
ਸ਼੍ਰੀਨਗਰ ਦੇ ਜਕੂਰਾ 'ਚ ਪੁਲਸ ਸਟੇਸ਼ਨ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਵਲੋਂ ਲੈਣ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਜੇ ਤਕ ਇਹ ਤਸਦੀਕ ਨਹੀਂ ਕੀਤੀ ਗਈ। 
ਮੈਨੂੰ ਨਹੀਂ ਜਾਪਦਾ ਕਿ ਇਥੇ ਆਈ. ਐੱਸ. ਦੇ ਲੋਕਾਂ ਦੀ ਮੌਜੂਦਗੀ ਹੈ, ਫਿਰ ਵੀ ਅਸੀਂ ਇਸ ਵਿਸ਼ੇ ਦੀ ਜਾਂਚ ਕਰ ਰਹੇ ਹਾਂ। ਯਾਦ ਰਹੇ ਕਿ ਆਈ. ਐੱਸ. ਨੇ ਸ਼੍ਰੀਨਗਰ ਦੇ ਜਕੂਰਾ ਪੁਲਸ ਥਾਣੇ 'ਤੇ ਹਮਲਾ ਕਰਨ ਦੀ ਗੱਲ ਟਵਿਟਰ 'ਤੇ ਲਿਖੀ ਹੈ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਸ਼ਮੀਰ 'ਚ ਆਈ. ਐੱਸ. ਦੀ ਮੌਜੂਦਗੀ ਵਾਦੀਆਂ ਨੂੰ ਗੰਦਾ ਕਰਨ ਵਾਲੀ ਹੈ। ਇਸ ਸੰਗਠਨ ਨੇ ਆਫੀਸ਼ੀਅਲ ਵੈੱਬਸਾਈਟ ਐਡਮਾਰਕ ਅਤੇ ਅਰਬੀ ਭਾਸ਼ਾ 'ਚ ਲਿਖਦੇ ਹੋਏ ਜਕੂਰਾ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ।


Related News