ਫੌਜ ਮੁਖੀ ਰਾਵਤ ਸਮੇਤ 19 ਫੌਜੀ ਅਧਿਕਾਰੀਆਂ ਨੂੰ ਮਿਲੇਗਾ ਪਰਮ ਵਿਸ਼ਿਸ਼ਟ ਸੇਵਾ ਮੈਡਲ
Saturday, Jan 26, 2019 - 02:14 AM (IST)
ਨਵੀਂ ਦਿੱਲੀ – ਫੌਜ ਮੁਖੀ ਜਨਰਲ ਬਿਪਿਨ ਰਾਵਤ ਸਮੇਤ 19 ਸੀਨੀਅਰ ਫੌਜੀ ਅਧਿਕਾਰੀਆਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 15 ਲੈਫਟੀਨੈਂਟ ਜਨਰਲਾਂ ਅਤੇ 3 ਮੇਜਰ ਜਨਰਲਾਂ ਨੂੰ ਵੀ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਰੱਖਿਆ ਮੰਤਰਾਲੇ ਨੇ ਕੀਰਤੀ ਚੱਕਰ ਦਾ ਵੀ ਐਲਾਨ ਕੀਤਾ ਹੈ। ਕੀਰਤੀ ਚੱਕਰ ਸ਼ਾਂਤੀ ਕਾਲ ਵਿਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਹੈ। ਜਾਟ ਰੈਜੀਮੈਂਟ ਦੇ ਮੇਜਰ ਤੁਸ਼ਾਰ ਗਾਬਾ ਅਤੇ 22 ਰਾਸ਼ਟਰੀ ਰਾਈਫਲਜ਼ ਦੇ ਸੋਵਰ ਵਿਜੇ ਕੁਮਾਰ (ਮਰਨ ਉਪਰੰਤ) ਨੂੰ ਕੀਰਤੀ ਚੱਕਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਫੌਜ ਦੇ 9 ਕਰਮਚਾਰੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਥੇ ਹੀ 3 ਲੈਫ. ਜਨਰਲਾਂ ਨੂੰ ਉੱਤਮ ਯੁੱਧ ਸੇਵਾ ਮੈਡਲ ਅਤੇ 32 ਫੌਜੀ ਕਰਮਚਾਰੀਆਂ ਨੂੰ ਅਤਿ-ਵਿਸ਼ਿਸ਼ਟ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਅਨੁਸਾਰ 103 ਫੌਜੀ ਕਰਮਚਾਰੀਆਂ ਨੂੰ ਸੈਨਾ ਮੈਡਲ (ਵੀਰਤਾ), 74 ਨੂੰ ਵਿਸ਼ਿਸ਼ਟ ਸੇਵਾ ਮੈਡਲ ਅਤੇ 35 ਨੂੰ ਸੈਨਾ ਮੈਡਲ (ਵਿਸ਼ਿਸ਼ਟ) ਨਾਲ ਸਨਮਾਨਿਤ ਕੀਤਾ ਗਿਆ ਹੈ।