ਪੂਰਬੀ ਲੱਦਾਖ ਗਤੀਰੋਧ : ਭਾਰਤ ਅਤੇ ਚੀਨ ਦਰਮਿਆਨ ਚੱਲ ਰਹੀ 16ਵੇਂ ਦੌਰ ਦੀ ਫ਼ੌਜ ਵਾਰਤਾ

Sunday, Jul 17, 2022 - 03:06 PM (IST)

ਪੂਰਬੀ ਲੱਦਾਖ ਗਤੀਰੋਧ : ਭਾਰਤ ਅਤੇ ਚੀਨ ਦਰਮਿਆਨ ਚੱਲ ਰਹੀ 16ਵੇਂ ਦੌਰ ਦੀ ਫ਼ੌਜ ਵਾਰਤਾ

ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਚੀਨ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਗਤੀਰੋਧ ਦੇ ਬਾਕੀ ਬਚੇ ਮਸਲਿਆਂ ਨੂੰ ਸੁਲਝਾਉਣ ਲਈ ਐਤਵਾਰ ਨੂੰ 16ਵੇਂ ਦੌਰ ਦੀ ਉੱਚ ਪੱਧਰੀ ਫ਼ੌਜ ਵਾਰਤਾ ਕਰ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗੱਲਬਾਤ ਸਵੇਰੇ 9.30 ਵਜੇ ਐੱਲ.ਏ.ਸੀ. ਦੇ ਭਾਰਤੀ ਪਾਸੇ ਚੁਸ਼ੁਲ ਮੋਲਡੋ ਮੀਟਿੰਗ ਵਾਲੀ ਥਾਂ 'ਤੇ ਸ਼ੁਰੂ ਹੋਈ। ਇਸ ਤੋਂ ਪਹਿਲਾਂ 11 ਮਾਰਚ ਨੂੰ ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਚਾਲੇ ਗੱਲਬਾਤ ਹੋਈ ਸੀ। 15ਵੇਂ ਦੌਰ ਦੀ ਗੱਲਬਾਤ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਕ ਸਾਂਝੇ ਬਿਆਨ 'ਚ ਦੋਹਾਂ ਧਿਰਾਂ ਨੇ ਕਿਹਾ ਕਿ ਮੁੱਦਿਆਂ ਦੇ ਹੱਲ ਨਾਲ ਖੇਤਰ ਵਿਚ ਸ਼ਾਂਤੀ ਅਤੇ ਸਦਭਾਵਨਾ ਬਹਾਲ ਕਰਨ 'ਚ ਮਦਦ ਮਿਲੇਗੀ ਅਤੇ ਦੁਵੱਲੇ ਸਬੰਧਾਂ 'ਚ ਤਰੱਕੀ ਹੋਵੇਗੀ। ਗੱਲਬਾਤ ਦੇ ਨਵੇਂ ਪੜਾਅ 'ਚ ਭਾਰਤ ਬਾਕੀ ਸਾਰੀਆਂ ਥਾਵਾਂ ਤੋਂ ਸੈਨਿਕਾਂ ਦੀ ਜਲਦੀ ਵਾਪਸੀ 'ਤੇ ਜ਼ੋਰ ਦੇ ਸਕਦਾ ਹੈ ਜਿੱਥੇ ਅਜੇ ਵੀ ਗਤੀਰੋਧ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਦੇਪਸਾਂਗ ਬੁਲਗੇ ਅਤੇ ਡੇਮਚੋਕ 'ਚ ਮੁੱਦਿਆਂ ਨੂੰ ਹੱਲ ਕਰਨ 'ਤੇ ਵੀ ਜ਼ੋਰ ਦੇ ਸਕਦਾ ਹੈ।

ਇਹ ਵੀ ਪੜ੍ਹੋ : ਦੇਸ਼ ਦੇ ਪਹਿਲੇ ਟਰਾਂਸਜੈਂਡਰ ਪਾਇਲਟ ਨੂੰ ਆਸਮਾਨ 'ਚ ਉੱਡਣ ਦਾ ਸੁਫ਼ਨਾ ਪੂਰਾ ਕਰਨ ਦੀ ਫ਼ਿਕਰ

ਬੈਠਕ 'ਚ ਭਾਰਤੀ ਵਫ਼ਦ ਦਾ ਪ੍ਰਤੀਨਿਧੀਤਵ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਅਨਿੰਦਯ ਸੇਨਗੁਪਤਾ ਕਰ ਰਹੇ ਹਨ। ਉੱਥੇ ਹੀ ਚੀਨ ਦੇ ਵਫ਼ਦ ਦੀ ਅਗਵਾਈ ਦੱਖਣੀ ਸ਼ਿਨਜਿਯਾਂਗ ਫ਼ੌਜ ਜ਼ਿਲ੍ਹਾ ਪ੍ਰਮੁੱਖ ਮੇਜਰ ਜਨਰਲ ਯਾਂਗ ਲਿਨ ਕਰ ਰਹੇ ਹਨ। ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਐੱਲ.ਏ.ਸੀ. 'ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣਾ ਦੋ-ਪੱਖੀ ਸੰਬੰਧਾਂ ਦੇ ਵਿਕਾਸ ਲਈ ਅਹਿਮ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨ ਦੇ ਸਾਹਮਣੇ ਵਾਂਗ ਯੀ ਨੇ 7 ਜੁਲਾਈ ਨੂੰ ਬਾਲੀ 'ਚ ਪੂਰਬੀ ਲੱਦਾਖ 'ਚ ਸਥਿਤੀ 'ਤੇ ਗੱਲਬਾਤ ਕੀਤੀ ਸੀ। ਦੱਸਣਯੋਗ ਹੈ ਕਿ ਪੂਰਬੀ ਲੱਦਾਖ 'ਚ ਸਰਹੱਦੀ ਗਤੀਰੋਧ 5 ਮਈ 2020 ਨੂੰ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਪੈਂਗੋਂਗ ਝੀਲ ਖੇਤਰ 'ਚ ਹਿੰਸਕ ਝੜਪ ਤੋਂ ਬਾਅਦ ਸ਼ੁਰੂ ਹੋਇਆ ਸੀ। ਦੋਹਾਂ ਪੱਖਾਂ ਨੇ ਇਸ ਇਲਾਕੇ 'ਚ ਆਪਣੇ ਫ਼ੌਜੀਆਂ ਅਤੇ ਹਥਿਆਰਾਂ ਦੀ ਤਾਇਨਾਤੀ ਕਾਫ਼ੀ ਵਧਾ ਦਿੱਤੀ ਸੀ। ਕਈ ਦੌਰ ਦੀ ਡਿਪਲੋਮੈਟ ਅਤੇ ਫ਼ੌਜ ਵਾਰਤਾ ਦੇ ਨਤੀਜੇ ਵਜੋਂ ਪਿਛਲੇ ਸਾਲ ਦੋਹਾਂ ਪੱਖਾਂ ਨੇ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਅਤੇ ਗੋਗਰਾ ਇਲਾਕੇ ਤੋਂ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ ਸੀ। ਸੰਵੇਦਨਸ਼ੀਲ ਪਰਬਤੀ ਖੇਤਰ 'ਚ ਐੱਲ.ਏ.ਸੀ. 'ਤੇ ਹੁਣ ਵੀ ਦੋਹਾਂ ਪੱਖਾਂ ਦੇ ਕਰੀਬ 50 ਹਜ਼ਾਰ ਤੋਂ 60 ਹਜ਼ਾਰ ਫ਼ੌਜੀ ਤਾਇਨਾਤ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News